ਖੇਤੀਬਾੜੀ ਯੂਨੀਵਰਸਿਟੀ ਵੱਲੋਂ ਮੈਟ ਟਾਈਪ ਨਰਸਰੀ ਨੂੰ ਉਤਸ਼ਾਹਿਤ ਕਰਨ ਲਈ ਖੇਤ ਦਿਵਸ

ਲੁਧਿਆਣਾ, 3 ਮਈ (ਜਸਦੀਪ ਸਿੰਘ, ਵਿਕਰਮ ਵਰਮਾ)ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫਾਰਮ ਮਸ਼ੀਨਰੀ ਅਤੇ ਪਾਵਰ ਇੰਜੀਨੀਅਰਿੰਗ ਵਿਭਾਗ ਵੱਲੋਂ ਵਿਸ਼ੇਸ਼ ਤੌਰ ਤੇ ਝੋਨੇ ਦੀ ਪਨੀਰੀ ਅਤੇ ਮੈਟ ਟਾਈਪ ਨਰਸਰੀ ਸਬੰਧੀ ਵਿਸੇਸ਼ ਖੇਤ ਦਿਵਸ ਪੀ ਏ ਯੂ ਦੇ ਗੇਟ ਨੰਬਰ 4 ਕੋਲ ਮਨਾਇਆ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਵਿਭਾਗ ਦੇ ਮੁਖੀ ਡਾ: ਜਸਕਰਨ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਦੇ ਨਿਰਦੇਸ਼ਕ ਡਾ: ਬਲਵਿੰਦਰ ਸਿੰਘ ਸਿੱਧੂ ਇਸ ਖੇਤ ਦਿਵਸ ਦੇ ਮੁੱਖ ਮਹਿਮਾਨ ਹੋਣਗੇ ਅਤੇ ਨਿਰਦੇਸ਼ਕ ਪਸਾਰ ਸਿੱਖਿਆ ਡਾ: ਮੁਖਤਾਰ ਸਿੰਘ ਗਿੱਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਣਗੇ।

ਉਨ੍ਹਾਂ ਦੱਸਿਆ ਕਿ ਸਾਲ 2009-10 ਦੌਰਾਨ 550 ਤੋਂ ਵੀ ਵੱਧ ਕਿਸਾਨਾਂ ਵੱਲੋਂ ਝੋਨਾ ਲੁਆਈ ਮਸ਼ੀਨ ਸਬਸਿਡੀ ਤੇ ਲਈ ਗਈ ਹੈ ਅਤੇ ਮੈਟ ਟਾਈਪ ਨਰਸਰੀ ਤਿਆਰ ਕਰਨ ਸੰਬੰਧੀ ਵਿਕਸਤ ਤਕਨਾਲੋਜੀ ਨੂੰ ਹੋਰ ਪ੍ਰਚਲਤ ਕਰਨ ਲਈ ਇਸ ਖੇਤ ਦਿਵਸ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਖੇਤੀ ਵਿਭਿੰਨਤਾ, ਝੋਨੇ ਦੀ ਕਾਸ਼ਤ ਅਤੇ ਕੁਦਰਤੀ ਸੋਮਿਆਂ ਦੀ ਸਾਂਭ ਸੰਭਾਲ ਸੰਬੰਧੀ ਤਿਆਰ ਕੀਤੀ ਮਸ਼ੀਨਰੀ ਵੀ ਪ੍ਰਦਰਸ਼ਿਤ ਕੀਤੀ ਜਾਵੇਗੀ।