ਆਧੁਨਿਕ ਯੁਗ ਚ ਜਿੱਥੇ ਹਰ ਪਾਸੇ ਆਪਾਧਾਪੀ ਮਚੀ ਹੋਈ

ਅੱਜ ਦੇ ਇਸ ਆਧੁਨਿਕ ਯੁਗ ਚ ਜਿੱਥੇ ਹਰ ਪਾਸੇ ਆਪਾਧਾਪੀ ਮਚੀ ਹੋਈ ਹੈ, ਨਸ਼ੀਲੇ ਪਦਾਰਥਾਂ ਦਾ ਚਲਣ ਪੂਰੇ ਜੋਰਾਂ ਤੇ ਹੈ ਤੇ ਇਸ ਦੇ ਮੱਦੇ ਨਜਰ ਛੋਟੀ ਉਮਰ ਤੋਂ ਹੀ ਮੱਲਾਂ ਮਾਰਨ ਵਾਲੀ ਇਕ ਲੜਕੀ ਨੇ ਆਪਣੇ ਫਨ ਦੇ ਚਲਦੇ ਇਹੋ ਜਿਹੇ ਕੰਮਾਂ ਨੂੰ ਅੰਜਾਮ ਦਿੱਤਾ ਹੈ ਜਿਸ ਦੇ ਸਦਕੇ ਇਹ ਬੱਚੀ ਸਕੂਲ ਤੇ ਆਪਣੇ ਮਾਂ-ਬਾਪ ਦਾ ਨਾਮ ਰੋਸ਼ਨ ਕਰ ਰਹੀ ਹੈ। ਇਹ ਲੜਕੀ ਸਥਾਨਕ ਐਸ ਡੀ ਕੰਨਿਆ ਮਹਾਂ ਵਿਦਿਆਲਿਆ ਦੀ ਗਿਆਰਵੀਂ ਜਮਾਤ ਦੀ ਵਿਦਿਆਰਥਣ ਹਰਨੇਕ ਕੋਰ ਰਾਜਬੰਸ ਹੈ।ਜਿਹੜੀ ਕਿ ਮਾਤਾ ਹਰਜੀਤ ਕੋਰ ਰਾਜਬੰਸ ਦੇ ਕੁੱਖੋਂ ਪੈਦਾ ਹੋਈ ਤੇ ਪਿਤਾ ਰਵਿੰਦਰ ਸਿੰਘ ਰਾਜਬੰਸ ਦੀਆਂ ਅੱਖਾਂ ਦੀ ਨੂਰ ਹੈ ਨੂੰ ਪਹਿਲਾਂ ਤਾਂ ਚਿੱਤਰਕਾਰੀ ਦਾ ਜਿਆਦਾ ਗਿਆਨ ਨਹੀਂ ਸੀ।ਪਰ ਫਿਰ ਹੋਲੀ ਹੋਲੀ ਸਕੂਲ ਦੇ ਅਧਿਆਪਕਾਂ, ਸਹੇਲੀਆਂ,ਮਾਂ-ਬਾਪ ਤੇ ਰਿਸ਼ਤੇਦਾਰਾਂ ਦੇ ਚਲਦੇ ਹਰਨੇਕ ਕੋਰ ਦਾ ਚਿੱਤਰਕਾਰ ਚ ਹੱਥ ਖੁੱਲਣ ਲੱਗਾ।ਹਰਨੇਕ ਕੋਰ ਦਾ ਕਹਿਣਾ ਹੈ ਕਿ ਮੇਰੀ ਅਧਿਆਪਕਾ ਸ਼੍ਰੀਮਤੀ ਮਮਤਾ ਪੁੰਜ ਨੇ ਪ੍ਰੇਰਣਾ ਦਿੱਤੀ ਤੇ ਮੈਨੂੰ ਪੂਰਾ ਸਹਿਯੋਗ ਵੀ ਦਿੱਤਾ।ਜਿਸ ਦੇ ਸਦਕੇ ਅੱਜ ਚਿੱਤਰਕਾਰੀ ਕਰਨ ਚ ਹੋਰ ਅਗਾਂਹ ਵਧੀ।ਮੈ ਬਿਨਾਂ ਸਿੱਖੇ ਹੀ ਧਾਰਮਿਕ ਤੇ ਕਈ ਹੋਰ ਤਰਾਂ ਦੇ ਚਿੱਤਰ ਬਣਾਉਣ ਦੀ ਕੋਸ਼ਿਸ਼ ਕਰਦੀ ਰਹਿੰਦੀ ਹਾਂ। ਹਰਨੇਕ ਕੋਰ ਦੇ ਦੱਸਣ ਮੁਤਾਬਕ ਇਹ ਸ਼ੋਂਕ ਪਹਿਲੀ ਜਮਾਤ ਤੋਂ ਲੈ ਕੇ ਹੁਣ ਤਕ ਬਰਕਰਾਰ ਹੈ।ਇਸ ਦੇ ਨਾਲ-ਨਾਲ ਸਜਾਵਟ ਦਾ ਸਮਾਨ ਤੇ ਸਿਲਾਈ ਕਰਨਾ ਵੀ ਮੇਰਾ ਸ਼ੋਂਕ ਹੈ।ਸਕੂਲ ਚ ਕਿਸੇ ਵੀ ਤਰਾਂ ਦਾ ਸਮਾਗਮ ਹੋਵੇ ਤਾਂ ਉਸ ਦੇ ਅਧਿਆਪਕ ਉਸ ਨੂੰ ਚਿੱਤਰ ਅਤੇ ਸਜਾਵਟ ਦਾ ਸਮਾਨ ਬਣਾਉਣ ਦੀ ਡਿਊਟੀ ਦਿੰਦੇ ਹਨ,ਇਹ ਉਸ ਨੂੰ ਪੂਰੀ ਤਨਦੇਹੀ ਨਾਲ ਨੇਪਰੇ ਚਾੜਦੀ ਹੈ ਤੇ ਇਸ ਦੇ ਮੱਦੇ ਨਜਰ ਸਕੂਲ ਸਟਾਫ ਵਲੋਂ ਇਸ ਨੂੰ ਸ਼ਾਬਾਸ਼ ਵੀ ਮਿਲਦੀ ਹੈ,ਇਸ ਨਾਲ ਉਸ ਦਾ ਹੋਰ ਹੋਂਸਲਾ ਵਧਦਾ ਹੈ।ਇਹ ਤਿੰਨ ਭੈਣਾਂ ਤੇ ਇਕ ਭਰਾ ਚੋਂ ਸਭ ਤੋਂ ਵੱਡੀ ਹੈ।ਹਰਨੇਕ ਕੋਰ ਦਾ ਕਹਿਣਾ ਹੈ ਕਿ ਉਸ ਦੇ ਮਾਂ-ਬਾਪ ਬਹੁਤ ਹੀ ਚੰਗੇ ਇਨਸਾਨ ਹਨ ਤੇ ਮੈਨੂੰ ਇਸ ਗੱਲ ਦਾ ਬਹੁਤ ਮਾਣ ਹੈ ਕਿ ਮੈ ਇਨਾਂ ਦੀ ਧੀ ਹਾਂ ਤੇ ਮੈ ਅਕਾਲ ਪੁਰਖ ਦੇ ਚਰਨਾ ਚ ਇਹੋ ਦੁਆ ਕਰਦੀ ਹਾਂ ਕਿ ਜੇਕਰ ਮੇਰਾ ਅਗਲਾ ਜਨਮ ਹੋਵੇ ਤਾਂ ਮੇਰੇ ਇਹ ਹੀ ਮਾਤਾ ਪਿਤਾ ਹੋਣ।ਮੇਰੇ ਪਿਤਾ ਜੀ ਨੇ ਆਪਣੇ ਜੀਵਨ ਚ ਬਹੁਤ ਸੰਘਰਸ਼ ਕੀਤਾ ਤੇ ਕਿਸੇ ਵੀ ਕੰਮ ਨੂੰ ਛੋਟਾ ਨਹੀਂ ਸਮਝਿਆ,ਉਨਾਂ ਆਪਣੇ ਪਰਿਵਾਰ ਚ ਹਮੇਸ਼ਾਂ ਪਿਆਰ ਹੀ ਵੰਡਿਆ ਤੇ ਸਦਾ ਹੀ ਸਾਰਿਆਂ ਦਾ ਭਲਾ ਸੋਚਿਆ। ਹਰਨੇਕ ਕੋਰ ਦੇ ਅਧਿਆਪਕ ਦਾ ਕਹਿਣਾ ਹੈ ਕਿ ਇਹ ਬੱਚੀ ਬਹੁਤ ਮਿਲਣਸਾਰ ਹੈ ਤੇ ਅੱਜ ਇਹ ਸਫਲਤਾ ਦੀਆਂ ਪੋੜੀਆਂ ਚੜ ਰਹੀ ਹੈ। ਇਸ ਲੜਕੀ ਦੇ ਗੁਣ ਨੂੰ ਹੋਰ ਨਿਖਾਰਨ ਲਈ ਪੂਰਾ ਸਹਿਯੋਗ ਦੇਵਾਂਗੇ।






