ਫਰਾਂਸ ਵਿੱਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ

ਪੈਰਿਸ,(ਸੁੱਖਵੀਰ ਸਿੰਘ ਕੰਗ) ਜਿਲ੍ਹਾ ਹੁਸਿ਼ਆਰਪੁਰ ਦੇ ਪਿੰਡ ਛੁਰੀਆਂ (ਨੇੜੇ ਟੇਰਕਿਆਨਾ) ਦੇ ਨਿਵਾਸੀ ਦਸੌਂਦਾ ਸਿੰਘ ਦੇ ਪੁੱਤਰ ਅਤੇ ਤਿੰਨ ਭੈਣਾਂ ਦੇ ਇਕਲੌਤੇ ਭਰਾ ਗੁਰਦਿੱਤਾ ਸਿੰਘ ਉਰਫ ਬਾਲੂ ਦੀ ਬੀਤੇ ਦਿਨੀਂ ਪੈਰਿਸ ਦੇ ਕਸਬਾ ਸੈਂ-ਤੁਆਂ (ਸੈਂ-ਦੈਨੀ) ਵਿਖੇ ਭੇਦ ਭਰੀ ਹਾਲਤ ਵਿੱਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਓਰਰ ਡਾਨ ਸੰਸਥਾ ਫਰਾਂਸ ਦੇ ਪ੍ਰਧਾਨ ਇਕਬਾਲ ਸਿੰਘ ਭੱਟੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੈਂਨੂੰ ਕਿਸੇ ਨੇ ਫੋਨ ਤੇ ਜਾਣਕਾਰੀ ਦਿੱਤੀ ਕਿ ਗੁਰਦਿੱਤਾ ਸਿੰਘ 12 ਜਨਵਰੀ ਨੂੰ ਸੈਨ-ਤੁਆਂ ਇਲਾਕੇ ਵਿੱਚ ਕਿਸੇ ਸੜਕ ਦੇ ਕਿਨਾਰੇ ਜਖ਼ਮੀ ਹਾਲਤ ਵਿੱਚ ਡਿੱਗਾ ਪਿਆ ਸੀ ਜਿਸ ਨੂੰ ਪੌਂਪੀਏ ਵਾਲੇ ਚੁੱਕ ਕੇ ਲੈ ਗਏ ਹਨ ਪਰ ਕਾਫੀ ਸਮਾਂ ਬੀਤ ਜਾਣ ਦੇ ਬਾਅਦ ਗੁਰਦਿੱਤਾ ਸਿੰਘ ਦਾ ਕੋਈ ਥਹੁ-ਪਤਾ ਨਹੀਂ ਲੱਗਾ।ਉਹਨਾਂ ਕਿਹਾ ਕਿ ਜਦੋਂ ਮੈਂ ਗੁਰਦਿੱਤਾ ਸਿੰਘ ਬਾਰੇ ਪੁੱਛ-ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਉਸ ਦੀ ਤਾਂ 12 ਜਨਵਰੀ ਦੀ ਹੀ ਮੌਤ ਹੋ ਚੁੱਕੀ ਹੈ।ਉਹਨਾਂ ਦੱਸਿਆ ਕਿ ਮ੍ਰਿਤਕ ਸਾਢੇ ਤਿੰਨ ਸਾਲ ਪਹਿਲਾਂ ਪੰਜਾਬ ਤੋਂ ਇਟਲੀ ਆਇਆ ਸੀ ਪਰ ਕੰਮ ਨਾ ਮਿਲਣ ਕਰਕੇ ਉਹ ਸਪੇਨ ਅਤੇ ਪੁਤਗਾਲ ਵੀ ਗਿਆ ਪਰ ਕੰਮ ਨਾ ਮਿਲਿਆ ਅਤੇ ਹੁਣ ਕਰੀਬ 11 ਮਹੀਨਿਆਂ ਤੋਂ ਪੈਰਿਸ (ਫਰਾਂਸ) ਰਹਿ ਰਿਹਾ ਸੀ ਅਤੇ ਇੱਥੇ ਵੀ ਕੰਮ ਨਾ ਮਿਲਣ ਕਰਕੇ ਚਿੰਤਾ ਵਿੱਚ ਰਹਿਣ ਲੱਗਾ ਅਤੇ ਸ਼ਰਾਬ ਦਾ ਸਹਾਰਾ ਲੈਣ ਲੱਗ ਪਿਆ।ਉਹਨਾਂ ਦੱਸਿਆ ਕਿ ਮੈਂਨੂੰ ਮ੍ਰਿਤਕ ਦੇ ਪਰਿਵਾਰ ਨੇ ਹਲਫੀਆ ਬਿਆਨ ਲਿਖ ਕੇ ਭੇਜਿਆ ਹੈ ਤਾਂ ਕਿ ਮੈਂ ਲਾਸ਼ ਦਾ ਵਾਲੀ-ਵਾਰਸ ਬਣ ਕੇ ਲਾਸ਼ ਇੰਡੀਆ ਭੇਜ ਸਕਾਂ। ਉਹਨਾਂ ਕਿਹਾ ਮ੍ਰਿਤਕ ਦੀ ਮੌਤ ਬਲਵਿੰਦਰ ਸਿੰਘ ਦੇ ਨਾਮ ਹੇਠ ਹੋਈ ਪਰ ਮ੍ਰਿਤਕ ਦੇ ਪਰਿਵਾਰ ਮੁਤਾਬਕ ਉਸ ਦਾ ਨਾਮ ਗੁਰਦਿੱਤਾ ਸਿੰਘ ਹੈ।ਮ੍ਰਿਤਕ ਦਾ ਗਲਤ ਨਾਮ ਰਜਿਟਰਡ ਹੋਣ ਕਰਕੇ ਲਾਸ਼ ਇੰਡੀਆ ਭੇਜਣ ਵਿੱਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਉਹਨਾਂ ਦੱਸਿਆ ਕਿ ਮ੍ਰਿਤਕ ਦੀ ਲਾਸ਼ ਤੋਂ ਮਹਿਸੂਸ ਹੁੰਦਾ ਹੈ ਕਿ ਉਸ ਦਾ ਕਤਲ ਕੀਤਾ ਗਿਆ ਲਗਦਾ ਹੈ।ਇਸ ਲਈ ਇਸ ਕੇਸ ਦੀ ਪੈਰਵਾਈ ਕਰਕੇ ਪਤਾ ਲਗਾਇਆ ਜਾਵੇਗਾ ਕਿ ਕਤਲ ਹੋਇਆ ਹੈ ਜਾਂ ਅਚਾਨਕ ਮੌਤ ਹੋਈ ਹੈ।ਮ੍ਰਿਤਕ ਦੀਆਂ ਸਾਰੀਆਂ ਕਾਰਵਾਈਆਂ ਪੂਰੀਆਂ ਕਰਕੇ ਲਾਸ਼ ਨੂੰ ਜਲਦੀ ਹੀ ਮ੍ਰਿਤਕ ਦੇ ਵਾਰਸਾਂ ਕੋਲ ਇੰਡੀਆ ਭੇਜਿਆ ਜਾਵੇਗਾ।





