ਸਹਿਜੇ ਸਹਿਜੇ ਪਿੰਡ ਬੱਝਦਾ

ਲੁਧਿਆਣਾ: (ਜਨਮੇਜਾ ਸਿੰਘ ਜੌਹਲ) ਮਨੁੱਖ ਨੇ ਜਦੋਂ ਪਿੰਡ ਬੰਨ ਕਿ ਰਹਿਣਾ ਸਿੱਖ ਲਿਆ ਸੀ। ਉਸਨੇ ਆਪਣੀਆਂ ਜਰੂਰਤਾਂ ਲਈ ਹੁੱਨਰਮੰਦ ਲੋਕਾਂ ਨੂੰ ਆਪਣੇ ਨਾਲ ਰਲਾ ਲਿਆ। ਖੇਤੀ ਦੇ ਸੰਦਾਂ ਲਈ ਤਕਨੀਕੀ ਲੁਹਾਰ, ਤਰਖਾਣ ਤੇ ਇਸੇ ਤਰ੍ਹਾਂ ਹੋਰ ਲੋੜਾਂ ਲਈ ਕੁਦਰਤੀ ਹੁਨਰਾਂ ਵਾਲੇ ਲੋਕ ਉਸਦੇ ਸਾਥੀ ਬਣਦੇ ਗਏ। ਅਧਿਆਤਮਕ ਸ਼ਾਂਤੀ ਲਈ ਪੰਡਤ ਪਾਂਧੇ ਉਸਦੇ ਕੰਮ ਆਏ। ਪਿੰਡ ਵਿਚ ਮੁੱਖ ਕਿੱਤਾ ਖੇਤੀਬਾੜੀ ਹੀ ਹੁੰਦਾ ਸੀ। ਫਸਲਾਂ ਨੇ ਸਹਿਜ ਨਾਲ ਤੇ ਸਮੇਂ ਅਨੁਸਾਰ ਹੀ ਫੱਲਣਾ ਫੁੱਲਣਾ ਹੁੰਦਾ ਸੀ। ਇਸ ਲਈ ਪੇਂਡੂ ਮਨੁੱਖ ਵਿੱਚ ਕੁਦਰਤੀ ਸੀ ਕਿ ਸਹਿਜ ਉਸਦੇ ਸੁਭਾਅ ਦਾ ਹਿਸਾ ਬਣੇ। ਹੌਲੀ ਹੌਲੀ ਹਲਟ ਚੱਲਣੇ, ਇਕ ਸਾਰ ਕੁੱਤੇ ਦਾ ‘ਵੱਜਣਾ’ ਉਸਦਾ ਸੰਗੀਤ ਸੀ ਤੇ ਖੋਪੇ ਪਾਏ ਬਲਦਾਂ ਦੀ ਚਾਲ ਦਾ ਸੂਚਕ। ਖੇਤਾਂ ਬੇਲਿਆਂ ਵਿਚ ਪਸ਼ੂਆਂ ਦੇ ਵੱਗ ਚਾਰਨ ਲਈ ਸਹਿਜ ਦੀ ਅਵਸਥਾ ਬਹੁਤ ਜ਼ਰੂਰੀ ਸੀ। ਸਮਾਂ ਬਦਲਣ ਨਾਲ ਇਹ ਪਸ਼ੂ ਡੇਅਰੀਆਂ ਵਿਚ ਤੜ ਗਏ। ਪੱਠੇ, ਫੀਡ ਲਈ ਤੇਜ਼ ਟਰਾਲੀਆਂ ਤੇ ਜੀਪਾਂ ਦੌੜਨ ਲੱਗ ਪਈਆਂ। ਦੁੱਧ ਗੜਵੀਆਂ ’ਚੋਂ ਉੱਛਲ ਕਿ ਟੈਂਕਰਾਂ ਵਿੱਚ ਪਹੁੰਚ ਗਿਆ। ਯਾਨੀ ਸਹਿਜ ਖਤਮ ਹੋਕੇ ਤੇਜ਼ੀ ਬਣ ਗਿਆ। ਇਹ ਤੇਜ਼ੀ ਪਿੰਡ ਦੇ ਮੂਲ ਸਰੂਪ ਦੇ ਉਲਟ ਹੋ ਗਈ। ਇਸੇ ਲਈ ਅੱਜ ਇਕੱਲੇ ਪੰਜਾਬ ਵਿਚ ਹੀ 2000 ਪਿੰਡ ਅਜ਼ਾਦੀ ਤੋਂ ਬਾਅਦ (1947) ਆਪਣੀ ਹੋਂਦ ਗੁਆ ਚੁੱਕੇ ਹਨ। ਸਹਿਜ ਨਾਲ ਬੱਝੇ ਪਿੰਡ, ਤੇਜੀ ਨਾਲ ਉੱਜੜ ਰਹੇ ਹਨ। ਆਉਣ ਵਾਲਾ ਸਮਾਂ ਹਾਲੇ ਹੋਰ ਕੀ ਰੰਗ ਦਿਖਾਵੇਗਾ, ਇੰਤਜ਼ਾਰ ਕਰੋ ਤਦ ਤਕ।