ਪੁਲਿਸ ਵੱਲੋਂ 18 ਬੋਰੀਆਂ ਡੋਡੇ, ਚੂਰਾ-ਪੋਸਤ ਬਰਾਮਦ

ਮਲਸੀਆਂ, 18 ਫਰਵਰੀ (ਸੁਖਦੀਪ ਸਿੰਘ ਸਚਦੇਵਾ) ਐਸ.ਐਸ.ਪੀ. ਜਲੰਧਰ ਦਿਹਾਤੀ ਯੁਰਿੰਦਰ ਸਿੰਘ ਹੇਅਰ ਦੀਆਂ ਹਦਾਇਤਾਂ ਅਨੁਸਾਰ ਡੀ.ਐਸ.ਪੀ. ਬਿਮਲ ਸ਼ਰਮਾ ਸ਼ਾਹਕੋਟ ਵੱਲੋਂ ਮਾੜੇ ਅਨਸਰਾਂ ਖਿਲਾਫ਼ ਵਿੱਡੀ ਮੁਹਿੰਮ ਤਹਿਤ ਐਸ.ਐਚ.ਓ. ਲਖਵਿੰਦਰ ਸਿੰਘ ਮੱਲ ਦੀ ਨਿਗਰਾਨੀ ਹੇਠ ਪੁਲਿਸ ਵੱਲੋਂ ਭਾਰੀ ਮਾਤਰਾ ’ਚ ਡੋਡੇ, ਚੂਰਾ-ਪੋਸਤ ਬਰਾਮਦ ਕਰਨ ਵਿੱਚ ਸਫਲਤਾ ਹੱਥ ਲੱਗੀ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਚ.ਓ. ਲਖਵਿੰਦਰ ਸਿੰਘ ਮੱਲ ਨੇ ਦੱਸਿਆ ਕਿ ਐਸ.ਆਈ. ਅਵਤਾਰ ਸਿੰਘ, ਏ.ਐਸ.ਆਈ. ਮਨਦੀਪ ਸਿੰਘ ਅਤੇ ਏ.ਐਸ.ਆਈ. ਰਸ਼ਪਾਲ ਸਿੰਘ ਚੌਂਕੀ ਇੰਚਾਰਜ਼ ਮਲਸੀਆਂ ਵੱਲੋਂ ਪੁਲਿਸ ਪਾਰਟੀ ਸਮੇਤ ਬੀਤੀ ਰਾਤ ਪਿੰਡ ਬਿੱਲੀ ਚਹਾਰਮੀ ਦੇ ਅੱਡੇ ’ਤੇ ਨਾਕਾਬੰਦੀ ਕੀਤੀ ਗਈ ਸੀ । ਨਾਕਾਬੰਦੀ ਦੌਰਾਨ ਨਕੋਦਰ ਵੱਲੋਂ ਇੱਕ ਮਹਿੰਦਰਾ ਮੈਕਸੀ ਚਿੱਟੇ ਰੰਗ ਦੀ ਗੱਡੀ ਨੰਬਰ ਪੀ.ਬੀ.03-ਆਰ-9728 ਨੂੰ ਪੁਲਿਸ ਵੱਲੋਂ ਰੁਕਣ ਦਾ ਇਸ਼ਾਰਾ ਕੀਤਾ, ਜਿਸ ’ਤੇ ਚਾਲਕ ਨੇ ਗੱਡੀ ਹੌਲੀ ਕਰਕੇ ਇੱਕਦਮ ਭਜਾ ਲਈ, ਜਿਸ ਦੌਰਾਨ ਪੁਲਿਸ ਨੂੰ ਸ਼ੱਕ ਪੈਣ ’ਤੇ ਉਸ ਗੱਡੀ ਦਾ ਪਿੱਛਾ ਕੀਤਾ ਗਿਆ ਅਤੇ ਅੱਗੇ ਜਾ ਰਹੀ ਉੱਕਤ ਗੱਡੀ ਦੇ ਚਾਲਕ ਨੇ ਸੜਕ ਤੋਂ ਆਪਣੇ ਖੱਬੇ ਹੱਥ ਕੱਚੇ ਰਸਤੇ ਨੂੰ ਮੋੜਨ ਦੀ ਕੋਸ਼ਿਸ਼ ਕੀਤੀ ਤਾਂ ਗੱਡੀ ਦੀ  ਰਫ਼ਤਾਰ ਤੇਜ਼ ਹੋਣ ਕਾਰਨ ਗੱਡੀ ਪਲਟ ਗਈ । ਪਲਟੀ ਹੋਈ ਗੱਡੀ ਵਿੱਚੋਂ ਦੋ ਨੌਜਵਾਨ ਨਿਕਲ ਕੇ ਭੱਜਣ ਲੱਗੇ ਤਾਂ ਇੱਕ ਨੌਜਵਾਨ ਨੂੰ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਅਤੇ ਦੂਸਰਾ ਮੌਕੇ ਤੋਂ ਫਰਾਰ ਹੋ ਗਿਆ । ਉਨ੍ਹਾਂ ਦੱਸਿਆ ਕਿ ਗੱਡੀ ਦੀ ਚੈਕਿੰਗ ਦੌਰਾਨ ਵਿੱਚੋਂ 18 ਬੋਰੀਆਂ (6 ਕੁਇੰਟਲ, 30 ਕਿਲੋ) ਚੂਰਾ ਪੋਸਤ ਬਰਾਮਦ ਹੋਇਆ । ਫੜ੍ਹੇ ਗਏ ਦੋਸ਼ੀ ਨੇ ਆਪਣਾ ਨਾਮ ਨਿਰਮਲ ਸਿੰਘ ਉਰਫ ਨਿੰਮਾ ਪੁੱਤਰ ਤਰਸੇਮ ਸਿੰਘ ਵਾਸੀ ਨੱਲ ਥਾਣਾ ਲੋਹੀਆਂ ਦੱਸਿਆ ਹੈ, ਜਦਕਿ ਫਰਾਰ ਹੋਏ ਦੋਸ਼ੀ ਦਾ ਨਾਮ ਲਖਵਿੰਦਰ ਸਿੰਘ ਉਰਫ ਗਾਡੀ ਪੁੱਤਰ ਅੱਛਰ ਸਿੰਘ ਵਾਸੀ ਮਹਿਤਪੁਰ ਹੈ । ਉਨ੍ਹਾਂ ਦੱਸਿਆ ਕਿ ਫੜ੍ਹੇ ਗਏ ਦੋਸ਼ੀ ਨਿਰਮਲ ਸਿੰਘ ਉਰਫ ਨਿੰਮਾ ਵਿਰੁੱਧ ਪੁਲਿਸ  ਵੱਲੋਂ ਮੁਕੱਦਮਾ ਦਰਜ਼ ਕਰਕੇ ਦੋਸ਼ੀ ਨੂੰ ਹਲਕਾ ਮੈਜਿਸਟ੍ਰੇਟ ਨਕੋਦਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਸ ਤੋਂ ਬਾਅਦ ਦੋਸ਼ੀ ਦਾ 3 ਦਿਨ ਦਾ ਪੁਲਿਸ ਰਿਮਾਂਡ ਲੈ ਕੇ ਹੋਰ ਤਫਤੀਸ਼  ਕੀਤੀ ਜਾ ਰਹੀ ਹੈ ।