ਨਰਮੇ ਵਿੱਚ ਸਰਵਪੱਖੀ ਕੀਟ ਪ੍ਰਬੰਧ ਲਈ ਸਿਖਲਾਈ ਪ੍ਰੋਗਰਾਮ ਮੁਕੰਮਲ

ਲੁਧਿਆਣਾ, 3 ਮਈ (ਜਸਦੀਪ ਸਿੰਘ, ਵਿਕਰਮ ਵਰਮਾ) ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕੀਟ ਵਿਗਿਆਨ ਵਿਭਾਗ ਵੱਲੋਂ ਨਿਰਦੇਸ਼ਕ ਪਸਾਰ ਸਿੱਖਿਆ ਦੇ ਸਹਿਯੋਗ ਨਾਲ ਨਰਮੇ ਵਿੱਚ ਸਰਵਪੱਖੀ ਕੀਟ ਪ੍ਰਬੰਧ ਲਈ ਟ੍ਰੇਨਿੰਗ ਪ੍ਰੋਗਰਾਮ ਦੇ ਸਮਾਪਤੀ ਸਮਾਰੋਹ ਮੌਕੇ ਡਾ: ਮੁਖਤਿਆਰ ਸਿੰਘ ਗਿੱਲ, ਨਿਰਦੇਸ਼ਕ ਪਸਾਰ ਸਿੱਖਿਆ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਬੋਲਦਿਆਂ ਡਾ: ਗਿੱਲ ਨੇ ਕਿਹਾ ਕਿ ਨਰਮੇ ਦਾ ਝਾੜ ਵਧਾਉਣ ਵਿੱਚ ਸਰਵਪੱਖੀ ਕੀਟ ਪ੍ਰਬੰਧ ਦਾ ਅਹਿਮ ਯੋਗਦਾਨ ਹੈ ਇਸ ਤਕਨੀਕ ਨੂੰ ਅਪਨਾਉਣ ਨਾਲ ਕੀੜਿਆਂ ਦੀ ਪ੍ਰਭਾਵਸ਼ਾਲੀ ਢੰਗ ਨਾਲ ਰੋਕਥਾਮ ਹੁੰਦੀ ਹੈ ਅਤੇ ਖਰਚਾ ਵੀ ਘੱਟ ਆਉਂਦਾ ਹੈ ਅਤੇ ਵਾਤਾਵਰਣ ਵੀ ਪ੍ਰਦੂਸ਼ਿਤ ਨਹੀਂ ਹੁੰਦਾ ਤੇ ਕਿਸਾਨਾਂ ਨੂੰ ਆਰਥਿਕ ਪੱਖੋਂ ਕਾਫੀ ਫਾਇਦਾ ਹੁੰਦਾ ਹੈ। ਇਸ ਮੌਕੇ ਬੋਲਦਿਆਂ ਡਾ: ਤਰਸੇਮ ਸਿੰਘ, ਜੁਆਇੰਟ ਡਾਇਰੈਕਟਰ ਖੇਤੀਬਾੜੀ ਵਿਭਾਗ ਨੇ ਆਪਣੇ ਭਾਸ਼ਣ ਦੌਰਾਨ ਦੱਸਿਆ ਕਿ ਨਰਮੇ ਦਾ ਝਾੜ ਵਧਾਉਣ ਲਈ ਯੂਨੀਵਰਸਿਟੀ ਦੀ ਆਈ ਪੀ ਐਮ ਤਕਨੀਕਾਂ ਦਾ ਅਹਿਮ ਰੋਲ ਰਿਹਾ ਹੈ। ਉਨ੍ਹਾਂ ਨੇ ਇਸ ਮੌਕੇ ਤੇ ਟ੍ਰੇਨਿੰਗ ਪ੍ਰਾਪਤ ਕਰਨ ਆਏ ਸਕਾਊਟਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਰਗੇ ਅਦਾਰੇ ਤੋਂ ਤਕਨੀਕੀ ਸਿੱਖਿਆ ਹਾਸਲ ਕਰਨਾ ਆਪਣੇ ਆਪ ਵਿੱਚ ਮਾਣ ਦੀ ਗੱਲ ਹੈ। ਇਸ ਸਮਾਗਮ ਵਿੱਚ ਡਾ: ਜਸਵੀਰ ਸਿੰਘ ਬੈਂਸ ਡਿਪਟੀ ਡਾਇਰੈਕਟਰ (ਕਪਾਹ), ਖੇਤੀਬਾੜੀ ਵਿਭਾਗ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਪੰਜਾਬ ਸਰਕਾਰ ਦੀ ਮਦਦ ਨਾਲ ਯੂਨੀਵਰਸਿਟੀ ਦੀਆਂ ਤਕਨੀਕਾਂ ਦਾ ਪਸਾਰ ਕਰਨ ਲਈ ਪਿੰਡਾਂ ਵਿੱਚ ਪ੍ਰੋਜੈਕਟ ਚਲਾਉਣ ਲਈ ਮਾਲੀ ਮਦਦ ਦਿੱਤੀ ਜਾ ਰਹੀ ਹੈ ਤਾਂ ਜੋ ਸਕਾਊਟਸ ਟ੍ਰੇਨਿੰਗ ਲੈ ਕੇ ਪਿੰਡਾਂ ਵਿੱਚ ਕਿਸਾਨਾਂ ਦੀ ਸੇਵਾ ਕਰ ਸਕਣ।

ਵਿਭਾਗ ਦੇ ਸਾਇੰਸਦਾਨ ਡਾ: ਵਿਜੇ ਕੁਮਾਰ (ਟ੍ਰੇਨਿੰਗ ਕੋਆਰਡੀਨੇਟਰ) ਨੇ ਮੁੱਖ ਮਹਿਮਾਨ ਨੂੰ ਟ੍ਰੇਨਿੰਗ ਬਾਰੇ ਸੰਖੇਪ ਜਾਣਕਾਰੀ ਮੁਹੱਈਆ ਕਰਵਾਈ ਅਤੇ ਦੱਸਿਆ ਕਿ 10 ਦਿਨਾਂ ਇਸ ਕੋਰਸ ਦੌਰਾਨ 179 ਸਕਾਊਟਾਂ ਨੂੰ ਨਰਮੇ ਦੇ ਸਰਵਪੱਖੀ ਕੀਟ ਪ੍ਰਬੰਧ ਸੰਬੰਧੀ ਸਿਖਲਾਈ ਦਿੱਤੀ ਗਈ ਹੈ । ਇਸ ਟ੍ਰੇਨਿੰਗ ਦਾ ਆਯੋਜਨ ਡਾ: ਏ ਕੇ ਧਵਨ, ਮੁਖੀ ਕੀਟ ਵਿਗਿਆਨ ਦੀ ਰਹਿਨੁਮਾਈ ਹੇਠ ਕੀਤਾ ਗਿਆ ਸੀ। ਇਸ ਮੌਕੇ ਹਰਵਿੰਦਰ ਸਿੰਘ ਗਰੇਵਾਲ ਨੇ ਆਏ ਹੋਏ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ। ਹੋਰਨਾਂ ਤੋਂ ਇਲਾਵਾ ਡਾ: ਐਚ ਐਚ ਬਾਜਵਾ, ਡਾ: ਵੀ ਕੇ ਭੰਬੋਟਾ, ਜਸਬੀਰ ਸਿੰਘ, ਰਜਿੰਦਰ ਸਿੰਘ ਅਤੇ ਨਵਦੀਪ ਸਿੰਘ ਵੀ ਹਾਜ਼ਰ ਸਨ।