ਢਾਈ ਕਰੋੜ ਦੀ ਜਮੀਨ ਤੇ ਸੀ ਭੂ-ਮਾਫੀਆ ਦੀ ਨਜਰ,ਜਾਅਲੀ ਦਸਤਾਵੇਜ਼ ਅਤੇ ਜਮੀਨ ਵੇਚਣ ਦੀ ਕੀਤੀ ਤਿਆਰੀ ਜਮੀਨ ਮਾਲਕ ਨੇ ਦਿੱਤੀ ਐਸ.ਐਸ.ਪੀ ਨੂੰ ਸ਼ਿਕਾਇਤ, ਜਾਂਚ ਤੋਂ ਬਾਅਦ ਪੰਜ ਵਿਅਕਤੀਆਂ ਖਿਲਾਫ ਮਾਮਲਾ ਦਰਜ

ਮੋਗਾ,16 ਫਰਵਰੀ (ਸਵਰਨ ਗੁਲਾਟੀ)ਢਾਈ ਕਰੋੜ ਦੇ ਕਰੀਬ ਮੁੱਲ ਦੀ 23 ਏਕੜ ਜਮੀਨ ਦੇ ਜਾਅਲੀ ਦਸਤਾਵੇਜ ਤਿਆਰ ਕਰਵਾ ਕੇ ਵੇਚਣ ਦੀ ਕੋਸ਼ਿਸ਼ ਵਿਚ ਪੁਲਿਸ ਨੇ ਪੰਜ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ।ਜਾਣਕਾਰੀ ਅਨੁਸਾਰ ਥਾਣਾ ਫਤਹਿਗੜ੍ਹ ਪੰਜਤੂਰ ਪੁਲਿਸ ਦੇ ਇੰਸਪੈਕਟਰ ਸੁਰਜੀਤ ਸਿੰਘ ਨੇ ਦੱਸਿਆ ਕਿ ਗੁਰਮੇਜ ਸਿੰਘ ਅਤੇ ਜਰਨੈਲ ਸਿੰਘ ਪੁੱਤਰ ਗੋਪਾਲ ਸਿੰਘ ਨਿਵਾਸੀ ਪਿੰਡ ਮੰਦਰ ਦੀ ਪਿੰਡ ਵਿਚ ਹੀ 23 ਏਕੜ ਜਮੀਨ ਹੈ ਇਸ ਜਮੀਨ ਦਾ ਮੁੱਲ ਢਾਈ ਕਰੋੜ ਦੇ ਕਰੀਬ ਹੈ। ਇਸ ਜਮੀਨ ’ਤੇ ਭੂ-ਮਾਫੀਆ ਨਾਲ ਜੁੜੇ ਕੁਝ ਲੋਕਾਂ ਦੀ ਨਜਰ ਸੀ।ਜਿਸ ’ਤੇ ਚੱਲਦੇ ਕੁਲਵੰਤ ਸਿੰਘ ਨਿਵਾਸੀ ਪਿੰਡ ਦੌਲੇਵਾਲਾ,ਜੋਗਿੰਦਰ ਸਿੰਘ ਵਾਸੀ ਝੰਡਾ ਬੱਗਾ ਜਿਲ੍ਹਾ ਫਿਰੋਜਪੁਰ,ਅਮਰਜੀਤ ਸਿੰਘ ਪਿੰਡ ਕਾਲੀਏਵਾਲਾ ਕਰਮੂਕਾ ਜਿਲਾ ਫਿਰੋਜਪੁਰ,ਗੁਰਜੰਟ ਸਿੰਘ ਵਾਸੀ ਗੋਗੀਆਣਾ ਜਿਲ੍ਹਾ ਫਿਰੋਜਪੁਰ ਅਤੇ ਪ੍ਰੋਪਰਟੀ ਡੀਲਰ ਪਿੰਦਰ ਸਿੰਘ ਨਿਵਾਸੀ ਪਿੰਡ ਕਾਲੇਕੇ ਨੇ ਸਾਜਿਸ਼ ਤਹਿਤ ਮਿਲ ਕੇ ਜਮੀਨ ’ਤੇ ਕਬਜਾ ਕਰਨ ਅਤੇ ਉਸ ਨੂੰ ਅੱਗੇ ਵੇਚਣ ਦੀ ਸਾਜਿਸ਼ ਰੱਚੀ ਇਸ ਸਾਜਿਸ਼ ਦੇ ਤਹਿਤ ਕਥਿਤ ਦੋਸ਼ੀਆਂ ਨੇ ਜਮੀਨ ਮਾਲਕ ਗੁਰਮੇਜ ਸਿੰਘ ਅਤੇ ਜਰਨੈਲ ਸਿੰਘ ਦੇ ਰਾਸ਼ਨ ਕਾਰਡ ਹਾਸਲ ਕਰਕੇ ਉਨ੍ਹਾਂ ’ਤੇ ਆਪਣੀ ਫੋਟੋ ਲਗਾ ਲਈ ਅਤੇ ਇਸ ਦੌਰਾਨ ਜਮੀਨ ਦੀ ਜਾਅਲੀ ਫਰਦ ਤਿਆਰ ਕਰਵਾ ਲਈ ਅਤੇ ਇਸ ਜਮੀਨ ਨੂੰ ਅੱਗੇ ਵੇਚਣ ਦੀ ਤਿਆਰੀ ਕਰ ਲਈ।ਜਦ ਇਸ ਸਬੰਧੀ ਜਮੀਨ ਦੇ ਅਸਲ ਮਾਲਕਾਂ ਨੂੰ ਪਤਾ ਚੱਲੀ ਤਾਂ ਉਨ੍ਹਾਂ ਨੇ ਇਸ ਮਾਮਲੇ ਦੀ ਸ਼ਿਕਾਇਤ ਜਿਲ੍ਹੇ ਦੇ ਐਸ.ਐਸ.ਪੀ.ਨੂੰ ਕੀਤੀ ਤਾਂ ਐਸ.ਐਸ.ਪੀ ਵੱਲੋਂ ਕਰਵਾੲਂੀ ਜਾਂਚ ਤੋਂ ਦੋਸ਼ ਸਹੀ ਪਾਏ ਜਾਣ ’ਤੇ ਥਾਣਾ ਫਤਹਿਗੜ੍ਹ ਪੰਜਤੂਰ ਪੁਲਿਸ ਦੇ ਇੰਸਪੈਕਟਰ ਸੁਰਜੀਤ ਸਿੰਘ ਵੱਲੋਂ ਕਥਿਤ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ।