30 ਜਨਵਰੀ ਨੂੰ ਹੋਣ ਵਾਲੀ ਪੰਜਾਬ ਵਿਧਾਨ ਸਭਾ ਦੀ ਚੋਣ, ਨਵੇਂ ‘ਸੂਬੇਦਾਰ, ਮੁਕੱਦਮਾਂ ਅਤੇ ਚਾਕਰਾਂ’ ਦਾ ਫੈਸਲਾ ਕਰੇਗੀ ਨਾਕਿ ਪੰਜਾਬ ਦਾ ਕੁਝ ਸੰਵਰੇਗਾ!
ਅਕਾਲ ਤਖਤ ਸਾਹਿਬ ਦੇ ‘ਗੁਰਮਤੇ’ ਦੀ ਉਲੰਘਣਾ ਕਰਕੇ, ਕਾਂਗਰਸ, ਅਕਾਲੀ ਦਲ ਅਤੇ ਹੋਰ ਪਾਰਟੀਆਂ ਦੇ ਦਰਜਨਾਂ ਉਮੀਦਵਾਰ - ਸੌਦਾ ਸਾਧ ਦੀ ਸ਼ਰਣ ਵਿੱਚ!
ਅਮਰੀਕਨ ਸ਼ਹਿਰੀ ਸੁੱਖੀ ਚਾਹਲ ਦੀ ਪੰਜਾਬ ਵਿੱਚ ਗ੍ਰਿਫਤਾਰੀ ਅਤੇ ਖੱਜਲ-ਖੁਆਰੀ ਪ੍ਰਵਾਸੀ ਸਿੱਖਾਂ ਨੂੰ ਸਿਖਾਇਆ ਗਿਆ ਸਬਕ!
ਐਨ. ਬੀ. ਸੀ., ਟੀ. ਵੀ. ਚੈਨਲ ਦੇ ਨਸਲਵਾਦੀ, ਮਜ਼ਾਹੀਆ ਐਂਕਰ ਜੇ. ਲੀਨੋ ਨੇ ਲਗਾਤਾਰਤਾ ਨਾਲ ਤੀਸਰੀ ਵਾਰ ਸਿੱਖ ਕੌਮ ਪ੍ਰਤੀ ਅਸੰਵੇਦਨਸ਼ੀਲ ਅਤੇ ਅਪਮਾਨਜਨਕ ਵਿਹਾਰ ਦਾ ਕੀਤਾ ਪ੍ਰਗਟਾਵਾ!
ਆਖਰ ਸਿੱਖ ਕੌਮ ਦੇਸ-ਪ੍ਰਦੇਸ ਵਿੱਚ ਇਹ ਖਵਾਰੀ ਕਦੋਂ ਤੱਕ ਬਰਦਾਸ਼ਤ ਕਰਦੀ ਰਹੇਗੀ!
ਵਾਸ਼ਿੰਗਟਨ (ਡੀ. ਸੀ.) 25 ਜਨਵਰੀ, 2012 - 30 ਜਨਵਰੀ ਨੂੰ ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਲਈ ਵੋਟਾਂ ਪੈਣ ਜਾ ਰਹੀਆਂ ਹਨ। ਪੰਜਾਬ ਤੋਂ ਇਲਾਵਾ ਉੱਤਰ ਪ੍ਰਦੇਸ਼, ਉਤਰਾਖੰਡ, ਮਣੀਪੁਰ ਆਦਿ ਸੂਬਿਆਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵੀ, ਮੁੱਖ ਪਾਰਟੀਆਂ ਲਈ ‘ਵੱਕਾਰ’ ਦਾ ਵਿਸ਼ਾ ਬਣੀਆਂ ਹੋਈਆਂ ਹਨ। ਜਿਥੇ ਯੂ. ਪੀ. ਵਿੱਚ ਮਾਇਆਵਤੀ ਆਪਣੀ ਸਰਕਾਰ ਮੁੜ ਬਣਾਉਣ ਲਈ ਸਭ ਹਰਬੇ ਇਸਤੇਮਾਲ ਕਰ ਰਹੀ ਹੈ, ਉਥੇ ਸੋਨੀਆ ਗਾਂਧੀ ਦੇ ਨਲਾਇਕ ਪੁੱਤਰ ਰਾਹੁਲ ਗਾਂਧੀ ਦੀ ਕਾਰਗੁ ਜ਼ਾਰੀ ਤੇ ਉਸ ਦਾ ਪ੍ਰਧਾਨ ਮੰਤਰੀ ਬਣਨਾ ਇਸ ਚੋਣ ਤੋਂ ਹੀ ਤਹਿ ਹੋਣਾ ਹੈ। ਪੰਜਾਬ ਵਿੱਚ, ਪੈਸੇ ਤੇ ਨਸ਼ੇ ਦਾ ਅੰਨ੍ਹਾ-ਜ਼ੋਰ ਹੈ। ਇੱਕ ਅੰਦਾਜ਼ੇ ਮੁਤਾਬਿਕ ਪੰਜਾਬ ਵਿਚਲੀਆਂ ਇਨ੍ਹਾਂ ਚੋਣਾਂ ਦੌਰਾਨ 1700 ਕਰੋੜ ਰੁਪਈਆ ਖਰਚਿਆ ਜਾਣਾ ਹੈ ਭਾਵੇਂ ਕਿ ਚੋਣ ਕਮਿਸ਼ਨਰ ਆਪਣੀਆਂ ‘ਹਦਾਇਤਾਂ’ ਨਾਲ ਲੋਕਾਂ ਵਿੱਚ ਇਹ ਪ੍ਰਭਾਵ ਦੇਣ ਦਾ ਯਤਨ ਕਰ ਰਿਹਾ ਹੈ ਕਿ ਚੋਣਾਂ ਬੜੀਆਂ ਸਾਫ ਅਤੇ ਪਾਰਦਰਸ਼ੀ ਹੋਣ ਜਾ ਰਹੀਆਂ ਹਨ। ਜਿਸ ਸਮਾਜ ਵਿੱਚ, ‘ਪੈਸੇ ਦੀ ਪੂਜਾ’ ਹੁੰਦੀ ਹੋਵੇ (ਲਕਸ਼ਮੀ ਦੇਵੀ) ਉਥੇ ਘਰ ਆਈ ਲਕਸ਼ਮੀ ਨੂੰ ਕੌਣ ਮੋੜਦਾ ਹੈ। ਅਖੀਰ ਜਿੱਤ-ਹਾਰ ਦਾ ਫੈਸਲਾ ਤਾਂ ਮਾਤਾ ਲਕਸ਼ਮੀ ਦੇਵੀ ਦੀ ਕ੍ਰਿਪਾ-ਦ੍ਰਿਸ਼ਟੀ ਨਾਲ ਹੀ ਹੋਣਾ ਹੈ। ਚੋਣਾਂ ਜਿੱਤੇ, ਲਕਸ਼ਮੀ ਦੇ ਪੁੱਤਰਾਂ-ਪੁੱਤਰੀਆਂ ਨੇ ਫਿਰ ਪੰਜ ਸਾਲ ਲਕਸ਼ਮੀ ਇਕੱਠੇ ਕਰਨ ’ਤੇ ਲਾਉਣੇ ਹਨ ਅਤੇ ਇਉਂ ਬ੍ਰਾਹਮਣਵਾਦੀ ਸਾਮਰਾਜ ਵਿੱਚ ਇਹ ਸਿਲਸਿਲਾ ਬੇਰੋਕ-ਟੋਕ ਜਾਰੀ ਰਹੇਗਾ। ਜੇ ‘ਲਕਸ਼ਮੀ’ ਵੱਲ ਹੈ ਤਾਂ ਫਿਰ ‘ਵਿਸ਼ਨੂੰ’ (ਹਿੰਦੂ ਰੱਬ) ਨੂੰ ਮਿਲਣਾ ਵੀ ਔਖਾ ਨਹੀਂ ਕਿਉਂਕਿ ਹਿੰਦੂ ਮਿਥਿਹਾਸ ਅਨੁਸਾਰ ਲਕਸ਼ਮੀ, ਵਿਸ਼ਨੂੰ ਜੀ ਦੀ ਪਤਨੀ ਹੈ। ਬੀਵੀ ਰਾਜ਼ੀ ਤਾਂ ਮੀਆਂ ਆਪੇ ਹੀ ਰਾਜ਼ੀ। ਅੱਜਕਲ੍ਹ ਜੋਤਸ਼ੀਆਂ, ਤਾਂਤਰਿਕਾਂ, ਹਵਨ-ਕਰਤਾਵਾਂ, ਬਾਬਿਆਂ ਆਦਿ ਦੀ ਮੰਡੀ ਵੀ ਖੂਬ ਗਰਮ ਹੈ ਅਤੇ ਇਹ ਸਾਰੇ ਆਪੋ-ਆਪਣੇ ਬਾਲਕਿਆਂ-ਬਾਲਕੀਆਂ ਦੀ ਜਿੱਤ ਲਈ ਹਰ ਜੰਤਰ-ਮੰਤਰ-ਤੰਤਰ ਦਾ ਇਸਤੇਮਾਲ ਕਰ ਰਹੇ ਹਨ। 21ਵੀਂ ਸਦੀ ਦੇ ਸਾਇੰਸ ਦੇ ਜ਼ਮਾਨੇ ਵਿੱਚ ਵੀ ਮਹਾਨ ਭਾਰਤ ਦੇ ਇਨ੍ਹਾਂ ਪ੍ਰਾਚੀਨ ਟੋਟਕਿਆਂ ਦੀ ਮੰਗ ਉਨੀ ਹੀ ਪ੍ਰਬਲ ਹੈ, ਜਿੰਨੀ ਕਿ ਪੱਥਰ ਯੁੱਗ ਵਿੱਚ ਸੀ। ਇਹ ਵੀ ਬ੍ਰਾਹਮਣਵਾਦ ਦਾ ਕ੍ਰਿਸ਼ਮਾ ਹੀ ਕਿਹਾ ਜਾ ਸਕਦਾ ਹੈ।
ਹੁਣ ਪੰਜਾਬ ਦੀਆਂ ਚੋਣਾਂ ਦੀ ਗੱਲ ਨੂੰ ਅੱਗੇ ਤੋਰਦੇ ਹਾਂ। ਕਾਂਗਰਸ, ਅਕਾਲੀ ਦਲ, ਪੀਪਲਜ਼ ਪਾਰਟੀ ਆਫ ਪੰਜਾਬ, ਬਹੁਜਨ ਸਮਾਜ ਪਾਰਟੀ, ਅਕਾਲੀ ਦਲ (ਅੰਮ੍ਰਿਤਸਰ), ਬਾਗੀ ਅਤੇ ਅਜ਼ਾਦ ਉਮੀਦ ਵਾਰਾਂ ਦੀ ਵੱਡੀ ਗਿਣਤੀ ਇਨ੍ਹਾਂ ਚੋਣਾਂ ਵਿੱਚ ਜ਼ੋਰ-ਅਜ਼ਮਾਈ ਕਰ ਰਹੀ ਹੈ। ਅਕਾਲੀ ਦਲ (ਪੰਚ ਪ੍ਰਧਾਨੀ), ਦਲ ਖਾਲਸਾ ਆਦਿਕ ਜਥੇਬੰਦੀਆਂ ਇਨ੍ਹਾਂ ਚੋਣਾਂ ਵਿੱਚ ਹਿੱਸਾ ਨਹੀਂ ਲੈ ਰਹੀਆਂ। ਅਕਾਲੀ ਦਲ ਅੰਮ੍ਰਿਤਸਰ ਨੇ ਖਾਲਿਸਤਾਨ ਦੇ ਮੁੱਦੇ ਨੂੰ ਆਪਣਾ ਚੋਣ ਮੈਨੀਫੈਸਟੋ ਬਣਾਇਆ ਹੈ ਜਦੋਂਕਿ ਬਹੁਜਨ ਸਮਾਜ ਪਾਰਟੀ ‘ਵੋਟ ਰਾਹੀਂ’ ਕੇਂਦਰ ਵਿੱਚ ਸੱਤਾ ਹਥਿਆਉਣ ਅਤੇ ਬ੍ਰਾਹਮਣਵਾਦ ਦਾ ਖਾਤਮਾ ਕਰਨ ਦੀ ਬਾਬੂ ਕਾਂਸ਼ੀ ਰਾਮ ਦੀ ਵਿਚਾਰਧਾਰਾ ਨੂੰ ਪ੍ਰਣਾਈ ਹੋਈ ਹੈ। ਚੰਗੇ ਮੁੱਦਿਆਂ ਅਤੇ ਚੰਗੇ ਉਮੀਦਵਾਰਾਂ ਦੇ ਬਾਵਜੂਦ, ਇਹ ਦੋਵੇਂ ਪਾਰਟੀਆਂ ਕੋਈ ਬਹੁਤ ਚੰਗੀ ਕਾਰਗੁਜ਼ਾਰੀ ਦਿਖਾ ਸਕਣ ਦੇ ਸਮਰੱਥ ਨਹੀਂ ਹੋ ਸਕੀਆਂ। ਮਨਪ੍ਰੀਤ ਬਾਦਲ ਦੀ ਪੀਪਲਜ਼ ਪਾਰਟੀ ਨੇ ਕਮਿਊਨਿਸਟਾਂ ਨਾਲ ਮਿਲ ਕੇ ‘ਸਾਂਝਾ ਫਰੰਟ’ ਬਣਾਇਆ ਹੋਇਆ ਹੈ। ਮਨਪ੍ਰੀਤ ਦਾ ਰੌਲਾ ਆਪਣੇ ਭਰਾ ਨਾਲ (ਸੁਖਬੀਰ) ਸੱਤਾ ’ਤੇ ਕਬਜ਼ੇ (ਮੁੱਖ ਮੰਤਰੀ ਦੀ ਕੁਰਸੀ) ਦਾ ਸੀ ਨਾਕਿ ਕਿਸੇ ਸਿਧਾਂਤਕ ਮੁੱਦੇ ਦਾ। ਪਰ ਆਪਣੇ ਧਨ ਦੇ ਜ਼ੋਰ, ਖੁਫੀਆ ਏਜੰਸੀਆਂ ਅਤੇ ਮੀਡੀਏ ਦੇ ਬਲਬੂਤੇ ਸਾਂਝਾ ਮੋਰਚਾ, ਤੀਸਰੀ ਧਿਰ ਵਜੋਂ ਉਭਰਨ ਦੀ ਸੰਭਾਵਨਾ ਰੱਖਦਾ ਹੈ ਭਾਵੇਂ ਕਿ ਇਨ੍ਹਾਂ ਨੂੰ 1-2 ਸੀਟਾਂ ਹੀ ਮਿਲਣ। ਮੁੱਖ ਟੱਕਰ, ਅਕਾਲੀ ਦਲ ਬਾਦਲ-ਬੀ. ਜੇ. ਪੀ. ਗੱਠਜੋੜ ਅਤੇ ਕਾਂਗਰਸ ਵਿਚਕਾਰ ਹੈ। ਜੇ ਇੰਡੀਆ ਟੂਡੇ, ਸਟਾਰ ਨੀਊਜ਼, ਅਮਰ ਉਜਾਲਾ, ਇੰਡੀਆ ਟੀ. ਵੀ., ਆਜ ਤੱਕ ਆਦਿਕ ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਆ ਸਰਵੇਖਣਾਂ ਦੇ ਹਵਾਲੇ ਨਾਲ ਗੱਲ ਕਰੀਏ ਤਾਂ ਇਨ੍ਹਾਂ ਸਭ ਨੇ ਪੰਜਾਬ ਵਿੱਚ ਕਾਂਗਰਸ ਵਲੋਂ ਸਰਕਾਰ ਬਣਾਉਣ ਦੀ ਸੰਭਾਵਨਾ ਜਤਾਈ ਹੈ ਭਾਵੇਂਕਿ ਇਨ੍ਹਾਂ ਵਲੋਂ ਕਾਂਗਰਸ ਨੂੰ ਦਿੱਤੀਆਂ ਗਈਆਂ ਸੀਟਾਂ ਵਿੱਚ 59 ਤੋਂ 70 ਤੱਕ ਦਾ ਅੰਤਰ ਹੈ। ਨਿਰਪੱਖ ਪੜਚੋਲਕਰਤਾਵਾਂ ਦਾ ਕਹਿਣਾ ਹੈ ਕਿ ਅਜੇ ਸਥਿਤੀ ਧੁੰਦਲੀ ਹੈ ਅਤੇ ਟੱਕਰ ਬਰਾਬਰ ਜਾਰੀ ਹੈ। ਪਰ ਇੱਕ ਗੱਲ ’ਤੇ ਸਭ ਦੀ ਸਹਿਮਤੀ ਹੈ ਕਿ ਬੀ. ਜੇ. ਪੀ. ਦੇ ਖਾਤੇ ਵਾਲੀਆਂ 23 ਸੀਟਾਂ ਵਿੱਚੋਂ, ਬੀ. ਜੇ. ਪੀ. ਬਹੁਤੀਆਂ ਸੀਟਾਂ ਹਾਰੇਗੀ ਅਤੇ ਇਹ ਸੀਟਾਂ ਕਾਂਗਰਸ ਦਾ ਲਾਭ ਹੋਵੇਗਾ। ਪਿਛਲੀ ਵਾਰ ਅਕਾਲੀ ਸਰਕਾਰ, ਬੀ. ਜੇ. ਪੀ. ਦੀ ਹਮਾਇਤ ਨਾਲ ਹੀ ਸੰਭਵ ਹੋ ਸਕੀ ਸੀ। ਸੋ ਇੱਕ ਗੱਲ ਸਪੱਸ਼ਟ ਹੈ ਕਿ ਪੰਜਾਬ ਵਿੱਚ ਬਣਨ ਵਾਲੀ ਸਰਕਾਰ ਰਵਾਇਤੀ ਦੋ ਚੋਰਾਂ ’ਚੋਂ ਹੀ ਕਿਸੇ ਇੱਕ ਦੀ ਹੋਵੇਗੀ। ਪਿਛਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ, ਦਿੱਲੀ ਤੋਂ ਅਮਰੀਕੀ ਅੰਬੈਸਡਰ ਵਲੋਂ ਵਾਸ਼ਿੰਗਟਨ (ਡੀ. ਸੀ.) ਭੇਜੀ ਗਈ ਕੇਬਲ (ਵਿਕੀਲੀਕਸ ਅਨੁਸਾਰ) ਵਿੱਚ ਕਿਹਾ ਗਿਆ ਸੀ ਕਿ ਪੰਜਾਬ ਦੇ ਲੋਕ ਸਮਝਦੇ ਹਨ ਕਿ ਉਨ੍ਹਾਂ ਨੇ ਚੋਰ ਤੇ ਮਹਾਂਚੋਰ ਵਿਚੋਂ ਕਿਸੇ ਇੱਕ ਦੀ ਚੋਣ ਕਰਨੀ ਹੈ। ਸੋ, ਅੰਨਾ ਹਜ਼ਾਰੇ ਚੀਖ-ਚਿਹਾੜੇ ਅਤੇ ਭ੍ਰਿਸ਼ਟਾਚਾਰ ਵਿਰੋਧੀ ਧੂੁੰਆਂਧਾਰ ਪ੍ਰਚਾਰ ਦੇ ਬਾਵਜੂਦ, ਮੁੜ-ਘਿੜ ਕੇ ਖੋਤੀ, ਬੋਹੜ ਥੱਲੇ ਹੀ ਰਹਿਣੀ ਹੈ।
ਸ਼ਰਮਨਾਕ ਪਹਿਲੂ ਇਹ ਹੈ ਕਿ ਕਾਂਗਰਸ ਦਾ ਚੋਣ ਮੈਨੀਫੈਸਟੋ ਤਾਂ ਸ਼ੁਰੂ ਤੋਂ ਹੀ ਗਾਂਧੀ-ਨਹਿਰੂ ਲਾਰਾ- ਲੱਪਾ ਵਾਦ ਨੂੰ ਪ੍ਰਣਾਇਆ ਹੋਇਆ ਹੈ ਪਰ ਇਸ ਵਾਰ ਅਕਾਲੀ ਦਲ (ਬਾਦਲ) ਨੇ ਵੀ ਸਿੱਖ ਮੁੱਦਿਆਂ, ਪੰਜਾਬ ਦੇ ਪਾਣੀਆਂ, ਅਨੰਦਪੁਰ ਦੇ ਮਤੇ, ਪੰਜਾਬੀ ਬੋਲਦੇ ਇਲਾਕਿਆਂ ਸਮੇਤ ਚੰਡੀਗੜ੍ਹ ਦੀ ਗੱਲ, ਸਿੱਖ ਨੌਜਵਾਨਾਂ ਦੀ ਨਸਲਕੁਸ਼ੀ, ਨਵੰਬਰ ’84 ਦੀ ਨਕਸਕੁਸ਼ੀ, ਪ੍ਰੋ. ਭੁੱਲਰ ਦੀ ਫਾਂਸੀ ਆਦਿਕ ਅਹਿਮ ਮੁੱਦਿਆਂ ਨੂੰ ਆਪਣੇ ਮੈਨੀਫੈਸਟੋ ’ਚੋਂ ਬਿਲਕੁਲ ਬਾਹਰ ਕੱਢ ਦਿੱਤਾ ਹੈ। ਸਿੱਖ ਜਵਾਨੀ ਦਾ ਘਾਣ ਕਰਨ ਵਾਲੇ ਆਲਮ-ਸੈਨਾ ਦੇ ਮੁਖੀ ਇਜ਼ਹਾਰ ਆਲਮ ਦੀ ਘਰਵਾਲੀ ਨੂੰ ਮਲੇਰਕੋਟਲੇ ਤੋਂ ਅਕਾਲੀ ਦਲ ਦੀ ਟਿਕਟ ਦੇ ਕੇ, ਬਾਦਲ ਨੇ ਸਿੱਖ ਨਸਲਕੁਸ਼ੀ ’ਤੇ ਪ੍ਰਵਾਨਗੀ ਦੀ ਮੋਹਰ ਲਗਾਈ ਹੈ। ਪ੍ਰਧਾਨ ਮੰਤਰੀ ਮਨਮੋਹਣ ਸਿੰਘ ਅਤੇ ਸੋਨੀਆ ਗਾਂਧੀ ਵਲੋਂ ਰੈਲੀਆਂ ਵਿੱਚ ਪਿਛਲੇ ਪੰਜ ਸਾਲਾਂ ਵਿੱਚ ਕੇਂਦਰ ਵਲੋਂ ਬਾਦਲ ਸਰਕਾਰ ਨੂੰ ਦਿੱਤੇ ਗਏ ਖੁੱਲ੍ਹੇ ਧਨ ਦਾ ਵਾਰ-ਵਾਰ ਜ਼ਿਕਰ ਦਰਸਾਉਂਦਾ ਹੈ ਕਿ ਕਿਵੇਂ ਕੇਂਦਰੀ ਹਾਕਮਾਂ ਨੇ ਬਾਦਲ ਨੂੰ ਆਪਣੇ ਹੱਥਠੋਕੇ ਸੂਬੇਦਾਰ ਵਜੋਂ ਵਰਤਿਆ ਹੈ। ਜਿਵੇਂ ਅਕਾਲੀ ਦਲ, ਕਾਂਗਰਸ, ਪੀ. ਪੀ. ਪੀ. ਆਦਿ ਪਾਰਟੀਆਂ ਦੇ ਦਰਜਨਾਂ ਉਮੀਦਵਾਰਾਂ ਨੇ, ਸੌਦਾ ਸਾਧ ਦੇ ਡੇਰੇ ਵਹੀਰਾਂ ਘੱਤ ਕੇ, ਉਸ ਦੇ ਖਰੌੜਿਆਂ ’ਤੇ ਸਿਰ ਰਗੜੇ ਹਨ, ਉਸ ਨੇ ਇਹ ਪ੍ਰਭਾਵ ਦਿੱਤਾ ਹੈ ਕਿ ਪੰਜਾਬ ਵਿੱਚ ਪੰਥ ਪ੍ਰਸਤ ਸਿੱਖੀ ਦਾ ਅੰਤ ਕਰ ਦਿੱਤਾ ਗਿਆ ਹੈ ਅਤੇ ਹੁਣ ਪੰਜਾਬ ਵਿੱਚ ਸਰਕਾਰ ਪ੍ਰਸਤ ਡੇਰੇਦਾਰਾਂ ਦਾ ਹੀ ਬੋਲਬਾਲਾ ਹੈ। ਅਕਾਲ ਤਖਤ ਸਾਹਿਬ ਦੇ ਗੁਰਮਤੇ ਦੀ ਇਸ ਘੋਰ ਉਲੰਘਣਾ ਦਾ ‘ਜਥੇਦਾਰ’ ਨੋਟਿਸ ਜ਼ਰੂਰ ਲੈਣਗੇ ਪਰ ਚੋਣਾਂ ਤੋਂ ਬਾਅਦ... ਹੁਣ ਵਿਚਾਰਿਆਂ ਕੋਲ ਫੁਰਸਤ ਕਿੱਥੇ ਹੈ?
ਸੋ ਜ਼ਾਹਰ ਹੈ ਕਿ ਪੰਜਾਬ ਦੇ ਢਾਈ ਕਰੋੜ ਲੋਕਾਂ ਦੀ ਨੁਮਾਇੰਦਾ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ, ਵੋਟਰਾਂ ਨੇ ਦਿੱਲੀ ਦਰਬਾਰ ਦਾ ਹੁਕਮ ਵਜਾਉਣ ਵਾਲੇ ਨਵੇਂ ਸੂਬੇਦਾਰ, ਉਸ ਦੇ ਅਹਿਲਕਾਰ-ਮੁਕੱਦਮ ਅਤੇ ਫਿਰ ਉਨ੍ਹਾਂ ਦੇ ਬੇਸ਼ਰਮ ਚਾਕਰਾਂ ਦੀ ਚੋਣ ਕਰਨੀ ਹੈ, ਜਿਹੜੇ ਆਪਣੇ ਅੱਡ-ਅੱਡ ਹਥਿਆਰਾਂ (ਸਮੇਤ ਨਹੁੰਦਰਾਂ ਦੇ) ਨਾਲ, ਅਗਲੇ ਪੰਜ ਸਾਲ, ਲੋਕਾਂ ਦੀ ਰੱਤ ਪੀਣਗੇ। ਇਸ ‘ਕਿਸਮ’ ਦੇ ਅੱਤਿਆਚਾਰੀ ਮਾਡਲ ਨੂੰ ਗੁਰੂ ਨਾਨਕ ਸਾਹਿਬ ਨੇ ਵੰਗਾਰਿਆ ਸੀ, ਜਦੋਂ ਆਪ ਨੇ ਫੁਰਮਾਇਆ ਸੀ –
‘ਰਾਜੇ ਸ਼ੀਂਹ, ਮੁਕੱਦਮ ਕੁੱਤੇ। ਜਾਇ ਜਗਾਇਨਿ ਬੈਠੇ ਸੁਤੇ।।
ਚਾਕਰ ਨਹਿਦਾ ਪਾਇਨਿ ਘਾਉ। ਰਤੁ ਪਿਤੁ ਕੁਤਹਿ ਚਟਿ ਜਾਹੁ।।
ਪੰਜਾਬ ਵਿੱਚ ਚੋਣ ਬਿਗਲ ਵੱਜਦਿਆਂ ਹੀ, ਇੱਕ ਖਾਸ ‘ਕਿਸਮ’ ਦੇ ਲੋਕ ਪ੍ਰਦੇਸਾਂ ਵਿੱਚੋਂ ਪੰਜਾਬ ਪਹੁੰਚ ਕੇ ਚੋਣ ਪ੍ਰਚਾਰ ਦੇ ਨਾਂ ਹੇਠ, ਆਪਣੀਆਂ ਰੰਗ-ਬਿਰੰਗੀਆਂ ਗਰੁੱਪ ਫੋਟੋਆਂ ਅਖਬਾਰਾਂ ਵਿੱਚ ਲਵਾਉਂਦੇ ਹਨ। ਕੇਂਦਰ ਸਰਕਾਰ ਨੇ ਇਹ ਸ਼ੋਸ਼ਾ ਵੀ ਛੱਡਿਆ ਸੀ ਕਿ ਅਸੀਂ ਪ੍ਰਵਾਸੀ ਭਾਰਤੀਆਂ ਨੂੰ ‘ਵੋਟ ਦਾ ਹੱਕ’ ਦੇ ਦਿੱਤਾ ਹੈ। ਬੀ. ਬੀ. ਸੀ. ਦੀ ਇੱਕ ਤਾਜ਼ਾ ਰਿਪੋਰਟ ਅਨੁਸਾਰ ਪੰਜਾਬ ਵਿੱਚ ਐਨ. ਆਰ. ਆਈ. ਦੀਆਂ ਸਿਰਫ 64 ਵੋਟਾਂ ਹੀ ਬਣਾਈਆਂ ਗਈਆਂ ਹਨ ਜਦੋਂਕਿ 35 ਲੱਖ ਦੇ ਕਰੀਬ ਸਿੱਖ, ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ, ਪ੍ਰਦੇਸਾਂ ਵਿੱਚ ਵਸਦੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪ੍ਰਵਾਸੀ ਸਿੱਖਾਂ ਦਾ ਇੱਕ ਤਬਕਾ ਪੰਜਾਬ ਦੀ ਬਿਹਤਰੀ ਲਈ ਯਤਨਸ਼ੀਲ ਰਹਿੰਦਾ ਹੈ ਅਤੇ ਉਨ੍ਹਾਂ ਨੇ ਵਿੱਦਿਆ, ਸਿਹਤ ਸੇਵਾਵਾਂ, ਧਾਰਮਿਕ ਜਾਗ੍ਰਿਤੀ ਆਦਿ ਖੇਤਰਾਂ ਵਿੱਚ ਐਨ. ਜੀ. ਓਜ਼ ਤੇ ਸੰਸਥਾਵਾਂ ਰਾਹੀਂ ਕਾਫੀ ਯੋਗਦਾਨ ਪਾਇਆ ਹੈ। ਇਸ ਕਿਸਮ ਦੀ ਇੱਕ ਸੰਸਥਾ ਪੰਜਾਬ ਫਾਊਂਡੇਸ਼ਨ ਹੈ, ਜਿਸ ਦੇ ਬਾਨੀ ਸੁੱਖੀ ਚਾਹਲ ਨੇ, ਮਾਲਵਾ ਖੇਤਰ ਵਿੱਚ ਵਧ ਰਹੇ ਪਾਣੀ ਦੇ ਪ੍ਰਦੂਸ਼ਣ ਅਤੇ ਉਸ ਦੇ ਪ੍ਰਭਾਵ ਸਦਕਾ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦੀ ਰੋਕਥਾਮ ਲਈ, ਪਿਛਲੇ ਕੁਝ ਵਰ੍ਹਿਆਂ ਤੋਂ ਯਤਨ ਆਰੰਭੇ ਹੋਏ ਹਨ। ਸੁੱਖੀ ਚਾਹਲ, ਗੁਰੂ ਨਾਨਕ ਇੰਜੀਨੀਅਰਰਿੰਗ ਕਾਲਜ ਲੁਧਿਆਣਾ ਦਾ ਗਰੈਜੂਏਟ ਹੈ ਅਤੇ ਅਮਰੀਕਾ ਵਿੱਚ ਇੱਕ ਸਫਲ ਬਿਜ਼ਨਸਮੈਨ ਹੈ। ਭਾਵੇਂ ਅਸੀਂ ਸੁੱਖੀ ਚਾਹਲ ਦੀ ਸਿਆਸੀ ਪਹੁੰਚ ਜਾਂ ਨਿੱਜੀ ਜ਼ਿੰਦਗੀ ਨਾਲ ਨਾ ਵੀ ਸਹਿਮਤ ਹੋਈਏ ਪਰ ਇੱਕ ਗੱਲ ਸਪੱਸ਼ਟ ਹੈ ਕਿ ਉਹ ਆਪਣੀ ਪਿੱਤਰ ਭੂਮੀ ਪੰਜਾਬ ਵਿੱਚ ਲੋਕ ਭਲਾਈ ਲਈ ਸੰਜੀਦਾ ਯਤਨ ਕਰਦਾ ਦਿਖਾਈ ਦੇ ਰਿਹਾ ਹੈ। ਪਿਛਲੇ ਦਿਨੀਂ ਸੁੱਖੀ ਚਾਹਲ ਨੇ ਪੰਜਾਬ ਦੇ ਕੁਝ ਟੀ. ਵੀ. ਚੈਨਲਾਂ ’ਤੇ, ਵਿਚਾਰ-ਚਰਚਾਵਾਂ ਵਿੱਚ ਹਿੱਸਾ ਲਿਆ ਅਤੇ ਸਰਕਾਰ ਦੀਆਂ ਨੀਤੀਆਂ ਦੇ ਹਵਾਲੇ ਨਾਲ, ਉਸ ਦੀ ਆਲੋਚਨਾ ਵੀ ਕੀਤੀ। ਸਿਵਲ ਕੱਪੜਿਆਂ ਵਿੱਚ ਪੁਲਿਸ ਨੇ ਉਸ ਨੂੰ, ਉਸ ਦੀ ਭੈਣ ਦੇ ਘਰੋਂ ਮੁਹਾਲੀ ਤੋਂ ਚੁੱਕਿਆ ਅਤੇ ਹੱਥਕੜੀਆਂ ਲਾ ਕੇ ਜ਼ਲੀਲ ਕਰਦਿਆਂ, ਲੁਧਿਆਣੇ ਦੇ ਕਿਸੇ ਪੁਰਾਣੇ ਝੂਠੇ ਕੇਸ (1992 ਵਿੱਚ ਕੈਟ ਗੁਰਮੀਤ ਪਿੰਕੀ ਵਲੋਂ ਇਹ ਕੇਸ ਪਾਇਆ ਗਿਆ ਸੀ) ਵਿੱਚ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲੈ ਲਿਆ। ਇਸ ਵਾਕਿਆ ਨੇ ਨਾ-ਸਿਰਫ ਸੁੱਖੀ ਚਾਹਲ ਪਰਿਵਾਰ ਨੂੰ ਹੀ ਝੰਜੋੜਿਆ ਹੈ ਬਲਕਿ ਇਸ ਨਿੰਦਣਯੋਗ ਕਾਰਵਾਈ ਨਾਲ ਪ੍ਰਵਾਸੀ ਸਿੱਖਾਂ ਨੂੰ, ਪੰਜਾਬ ਦੇ ਸੂਬੇਦਾਰੀ ਨਿਜ਼ਾਮ ਵਲੋਂ ਇਹ ਸੁਨੇਹਾ ਦਿੱਤਾ ਗਿਆ ਹੈ ਕਿ ‘ਇਸ ਰਾਜ ਨੂੰ ਗਰਕਣ ਦਿਓ ਅਤੇ ਇਥੇ ਆ ਕੇ ਕੋਈ ਤਬਦੀਲੀ ਦੀ ਵਕਾਲਤ ਨਾ ਕਰੋ।’ ਇੱਕ-ਇੱਕ ਮੈਂਬਰ ਵਾਲੀ ‘ਪ੍ਰਵਾਸੀ ਸਭਾ’ ਬਣਾ ਕੇ, ਇਹੋ ਜਿਹੀਆਂ ਫਰਾਡ ਸਭਾਵਾਂ ਦੇ ‘ਪ੍ਰਧਾਨ’ ਦੱਸਣਗੇ ਕਿ ਇਹ ਕੀ ਵਰਤਾਰਾ ਹੈ ਅਤੇ ਇਨ੍ਹਾਂ ਦੇ ‘ਅਕਾਵਾਂ’ ਨੂੰ ਕਿਵੇਂ ਨੱਥ ਪਾਈ ਜਾ ਸਕਦੀ ਹੈ?
ਅਮਰੀਕਾ ਸਮੇਤ ਦੁਨੀਆ ਭਰ ਦੇ ਸਿੱਖ, ਐਨ. ਬੀ. ਸੀ., ਟੀ. ਵੀ. ਚੈਨਲ ਦੇ ਹੋਸਟ, ਨਸਲਵਾਦੀ ਜੇ. ਲੀਨੋ ਵਲੋਂ 20 ਜਨਵਰੀ ਨੂੰ ਆਪਣੇ ਮਜ਼ਾਹੀਆ ਸ਼ੋਅ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਨੂੰ, ਰੀਪਬਲਿਕਨ ਪ੍ਰਧਾਨ ਉਮੀਦਵਾਰ ਮਿੱਟ ਰੋਮਨੀ ਦੇ ਭਵਿੱਖ ਦੇ ‘ਅਮੀਰ ਮਹਿਲ’ ਅਤੇ ‘ਐਸ਼ਗਾਹ’ ਵਜੋਂ ਦਰਸਾਉਣ ਨੂੰ ਲੈ ਕੇ ਭਾਰੀ ਸਕਤੇ ਵਿੱਚ ਹਨ। ਇਸ ਤੋਂ ਪਹਿਲਾਂ 2007 ਵਿੱਚ ਜੇ. ਲੀਨੋ ਨੇ ਆਪਣੇ ਇੱਕ ਸ਼ੋਅ ਦੌਰਾਨ ਦਸਤਾਰ ਲਈ (ਡਾਇਪਰ ਹੈੱਡ) ਸ਼ਬਦ ਦਾ ਇਸਤੇਮਾਲ ਕਰਕੇ, ਸਿੱਖ ਹਿਰਦਿਆਂ ਨੂੰ ਠੇਸ ਪਹੁੰਚਾਈ ਸੀ। ਵਰ੍ਹਾ 2010 ਵਿੱਚ, ਅਮਰੀਕੀ ਪ੍ਰਧਾਨ ਓਬਾਮਾ ਦੀ ਭਾਰਤ ਫੇਰੀ ਮੌਕੇ ਜਦੋਂ ਓਬਾਮਾ ਦੇ ਦਰਬਾਰ ਸਾਹਿਬ ਜਾਣ ਸੰਬਧੀ ਪ੍ਰੋਗਰਾਮ ਬਣ ਰਿਹਾ ਸੀ ਤਾਂ ਇਸੇ ਨਸਲਵਾਦੀ ਨੇ ਮਜ਼ਾਕੀਆ ਰੌਂਅ ਵਿੱਚ ਕਿਹਾ ਸੀ ‘ਫੇਰ ਤਾਂ ਸਾਡੇ ਪ੍ਰਧਾਨ ਨੂੰ ਪੱਗ ਬੰਨ੍ਹਣੀ ਪਵੇਗੀ।’
ਚੰਗੀ ਗੱਲ ਹੈ ਕਿ ਇਸ ਵਾਰ ਭਾਰਤ ਸਰਕਾਰ ਨੇ ਆਪਣੀ ਅੰਬੈਂਸੀ ਰਾਹੀਂ ਇਸ ਦਾ ਨੋਟਿਸ ਲੈਂਦਿਆਂ, ਆਪਣਾ ਰੋਸ ਜ਼ਾਹਰ ਕੀਤਾ ਹੈ। ਅਮਰੀਕਨ ਸਮੱਸਿਆ ਇਹ ਹੈ ਕਿ ‘ਫਸਟ ਅਮੈਂਡਮੈਂਟ’ ਦੇ ਸਹਾਰੇ, ਇਥੇ ਕਈ ਬਕਵਾਸਾਂ ਨੂੰ ਕਾਨੂੰਨੀ ਸੁਰੱਖਿਆ ਮਿਲ ਜਾਂਦੀ ਹੈ ਪਰ ਜੇ ਇਹੋ ਜਿਹੀ ਟਿੱਪਣੀ ਜੇ. ਲੀਨੋ ਨੇ, ਯਹੂਦੀਆਂ ਬਾਰੇ ਕੀਤੀ ਹੁੰਦੀ ਤਾਂ ਹੁਣ ਤੱਕ ਉਸ ਨੂੰ ਐਨ. ਬੀ. ਸੀ. ਚੈਨਲ ਨੇ, ਨੌਕਰੀਓਂ ( ਜਾਂ ਕੰਟੈਰਕਟ ਤੋਂ) ਮੁਕਤ ਕੀਤਾ ਹੋਣਾ ਸੀ। ਅਸੀਂ ਸਮਝਦੇ ਹਾਂ ਕਿ ਅਮਰੀਕੀ ਕਾਨੂੰਨ ਦੇ ਦਾਇਰੇ ਵਿੱਚ ਰਹਿੰਦਿਆਂ, ਸਾਨੂੰ ਐਨ. ਬੀ. ਸੀ. ਚੈਨਲ ਕੋਲ ਜ਼ੋਰਦਾਰ ਰੋਸ ਕਰਨਾ ਚਾਹੀਦਾ ਹੈ। ਇਸ ਸਬੰਧੀ ਜਿਹੜੀਆਂ ਵੀ ਸਿੱਖ ਸੰਸਥਾਵਾਂ ਜਾਂ ਵੀਰਾਂ-ਭੈਣਾਂ ਨੇ ਪਟੀਸ਼ਨ ਮੁਹਿੰਮ ਜਾਂ ਹੋਰ ਉਪਰਾਲੇ ਵਿੱਢੇ ਹੋਏ ਹਨ, ਉਨ੍ਹਾਂ ਵਿੱਚ ਪੂਰਾ ਸਹਿਯੋਗ ਕਰਨਾ ਚਾਹੀਦਾ ਹੈ।
ਉਪਰੋਕਤ ਅੱਡ-ਅੱਡ ਵਿਚਾਰ ਚਰਚਾਵਾਂ ਤੋਂ ਬਾਅਦ, ਇੱਕ ਸਵਾਲ ਜਿਹੜਾ ਸਾਨੂੰ ਸਭ ਨੂੰ ਬੇਚੈਨ ਕਰਨ ਦਾ ਸਬੱਬ ਬਣਨਾ ਚਾਹੀਦਾ ਹੈ, ਉਹ ਇਹ ਹੈ ਕਿ ਆਖਿਰ, ਸਿੱਖ ਕੌਮ, ਇਹ ਖਵਾਰੀ ਕਦੋਂ ਤੱਕ ਬਰਦਾਸ਼ਤ ਕਰਦੀ ਰਹੇਗੀ? ਗੁਲਾਮੀ ਦੇ ਸੰਗਲ ਕੱਟਣ ਲਈ, ਸੰਘਰਸ਼ਤ ਹੋਣ ਤੋਂ ਅਸੀਂ ਕਦੋਂ ਤੱਕ ਟਾਲਾ ਵੱਟਾਂਗੇ? ਕੀ ਆਪਣੀ ਗਵਾਚੀ ਬਾਦਸ਼ਾਹਤ (ਪ੍ਰਭੂਸੱਤਾ ਸਾਵਰੈਂਟੀ) ਮੁੜ ਹਾਸਲ ਕੀਤੇ ਬਿਨਾਂ ਸਾਡਾ ਕੋਈ ਮਸਲਾ ਹੱਲ ਹੋ ਸਕਦਾਹੈ? ਆਓ! ਇਸ ਸਵਾਲ ਦਾ ਈਮਾਨਦਾਰ ਜਵਾਬ ਲੱਭ ਕੇ, ਉਸ ਲਈ ਤਨ, ਮਨ ਤੇ ਧਨ ਅਰਪਣ ਕਰੀਏ।





