ਪੁਲਿਸ ਵੱਲੋਂ ਚੋਰੀ ਦੇ ਸਮਾਨ ਸਮੇਤ ਇੱਕ ਅੜਿੱਕੇ

ਮਲਸੀਆਂ, 20 ਫਰਵਰੀ (ਸੁਖਦੀਪ ਸਿੰਘ ਸਚਦੇਵਾ) ਐਸ.ਐਸ.ਪੀ. ਜਲੰਧਰ ਦਿਹਾਤੀ ਯੁਰਿੰਦਰ ਸਿੰਘ ਹੇਅਰ ਦੀਆਂ ਹਦਾਇਤਾਂ ਅਨੁਸਾਰ ਡੀ.ਐਸ.ਪੀ. ਬਿਮਲ ਸ਼ਰਮਾ ਸ਼ਾਹਕੋਟ ਵੱਲੋਂ ਮਾੜੇ ਅਨਸਰਾਂ ਖਿਲਾਫ਼ ਵਿੱਡੀ ਮੁਹਿੰਮ ਤਹਿਤ ਐਸ.ਐਚ.ਓ. ਲਖਵਿੰਦਰ ਸਿੰਘ ਮੱਲ ਦੀ ਨਿਗਰਾਨੀ ਹੇਠ ਮਲਸੀਆਂ ਪੁਲਿਸ ਵੱਲੋਂ ਇੱਕ ਚੋਰ ਨੂੰ ਦੋ ਚੋਰੀ ਦੇ ਮੋਟਰਸਾਈਕਲਾਂ ਅਤੇ ਹੋਰ ਸਮਾਨ ਸਮੇਤ ਕਾਬੂ ਕੀਤਾ ਹੈ । ਮਾਡਲ ਥਾਣਾ ਸ਼ਾਹਕੋਟ ਦੇ ਐਸ.ਐਚ.ਓ. ਲਖਵਿੰਦਰ ਸਿੰਘ ਮੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁਲਬੀਰ ਸਿੰਘ ਪੁੱਤਰ ਤੀਰਥ ਸਿੰਘ ਵਾਸੀ ਮਲਸੀਆਂ, ਜੋ ਕਿ ਐਨ.ਆਰ.ਆਈ. ਹੈ ਅਤੇ ਆਪਣੇ ਪਰਿਵਾਰ ਸਮੇਤ ਅੱਜ ਨਕੋਦਰ ਗਿਆ ਸੀ । ਜਦੋਂ ਉਨ੍ਹਾਂ ਘਰ ਵਾਪਸ ਆ ਕੇ ਦੇਖਿਆ ਤਾਂ ਉਨ੍ਹਾਂ ਦੇ ਘਰ ਦੇ ਜਿੰਦਰੇ ਵੱਢੇ ਹੋਏ ਸਨ ਤੇ ਲਾਗੇ ਲੋਹੇ ਦੀ ਆਰੀ ਪਈ ਹੋਈ ਸੀ । ਪੁਲਿਸ ਵੱਲੋਂ ਜਾਂਚ-ਪੜਤਾਲ ਕਰਨ ’ਤੇ ਚੋਰ ਵੱਲੋਂ ਘਰ ਵਿੱਚ ਪਈ ਅਲਮਾਰੀ ਵਿੱਚੋਂ ਇੱਕ ਕੈਮਰਾ (ਜੋਸ਼ੀਕਾ), ਇੱਕ ਮੋਬਾਇਲ ਫੋਨ, ਇੱਕ ਘੜੀ ਤੇ ਕੁੱਝ ਨਗਦੀ ਤੋਂ ਇਲਾਵਾ ਹੀਰੋ ਹਾਂਡਾ ਪੈਸ਼ਨ ਮੋਟਰਸਾਈਕਲ ਨੰਬਰ ਪੀ.ਬੀ. 07 ਐਲ.7481 ਚੋਰੀ ਹੋਇਆ ਪਾਇਆ ਗਿਆ । ਉਨ੍ਹਾਂ ਦੱਸਿਆ ਕਿ ਇਸ ਚੋਰੀ ਦੀ ਘਟਨਾ ਤੋਂ ਬਾਅਦ ਮਲਸੀਆਂ ਚੌਂਕੀ ਦੇ ਇੰਚਾਰਜ਼ ਏ.ਐਸ.ਆਈ. ਰਸ਼ਪਾਲ ਸਿੰਘ, ਹੈੱਡਕਾਂਸਟੇਬਲ ਬਲਵਿੰਦਰ ਸਿੰਘ ਤੇ ਹੋਰ ਕਰਮਚਾਰੀਆਂ ਨੇ ਤਫਤੀਸ਼ ਦੌਰਾਨ ਉੱਕਤ ਦੋਸ਼ੀ ਨੂੰ ਪਿੰਡ ਰੂਪੇਵਾਲੀ (ਸ਼ਾਹਕੋਟ) ਤੋਂ ਗ੍ਰਿਫਤਾਰ ਕਰ ਲਿਆ । ਜਿਸਦੀ ਪਹਿਚਾਣ ਸਕੱਤਰ ਸਿੰਘ ਉਰਫ ਸੱਤਾ ਪੁੱਤਰ ਸਵਰਨ ਸਿੰਘ ਵਾਸੀ ਵਡਾਲਾ ਖੁਰਦ ਰਈਆ (ਅੰਮ੍ਰਿਤਸਰ) ਵਜੋਂ ਹੋਈ ਹੈ । ਉਨ੍ਹਾਂ ਦੱਸਿਆ ਕਿ ਦੋਸ਼ੀ ਪਾਸੋਂ ਚੋਰੀ ਹੋਇਆ ਸਾਰਾ ਸਮਾਨ ਤੇ ਮੋਟਰਸਾਈਕਲ ਬਰਾਮਦ ਕਰ ਲਏ ਗਏ ਹਨ । ਇਸ ਤੋਂ ਇਲਾਵਾ ਇੱਕ ਹੋਰ ਬਜਾਜ ਸੀ.ਟੀ. 100 ਮੋਟਰਸਾਈਕਲ, ਜੋ ਕਿ ਇਸਨੇ ਧਰਮਕੋਟ ਤੋਂ ਚੋਰੀ ਕੀਤਾ ਸੀ, ਉਹ ਵੀ ਬਰਾਮਦ ਕਰ ਲਿਆ ਗਿਆ । ਦੋਸ਼ੀ ਨੇ ਪੁੱਛਗਿੱਛ ਦੌਰਾਨ ਹੋਰ ਵਾਰਦਾਤਾਂ ਬਾਰੇ ਵੀ ਮੰਨਿਆ ਹੈ । ਜਿਸ ਬਾਰੇ ਤਫਤੀਸ਼ ਜਾਰੀ ਹੈ ਤੇ ਹੋਰ ਵੀ ਸਮਾਨ ਬਰਾਮਦ ਹੋਣ ਦੀ ਸੰਭਾਵਨਾ ਹੈ । ਉਨ੍ਹਾਂ ਦੱਸਿਆ ਕਿ ਉੱਕਤ ਦੋਸ਼ੀ ਨੂੰ ਕੱਲ੍ਹ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ ।





