ਅੰਮ੍ਰਿਤ ਦੀ ਦਾਤ ਕਰਮਾਂ ਤੋਂ ਬਿਨ੍ਹਾਂ ਨਹੀਂ ਮਿਲਦੀ ਅਤੇ ਨੀਲਧਾਰੀ ਸੰਪ੍ਰਦਾਇ ਦੇ ਜਿਹਨਾਂ ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ ਉਹ ਬੜੇ ਵੱਡੇਭਾਗਾਂ ਵਾਲੇ ਹਨ-ਬਸੰਤ ਸਿੰਘ ਪੰਜਹੱਥਾ

ਪੈਰਿਸ,(ਸੁੱਖਵੀਰ ਸਿੰਘ ਕੰਗ) ਦੇਰ ਆਏ ਦਰੁਸਤ ਆਏ ਦੇ ਕਥਨ ਅਨੁਸਾਰ ਗੁਰਬਾਣੀ ਵਿੱਚ ਪ੍ਰਪੱਕ ਪਰ ਅੰਮ੍ਰਿਤ ਦੀ ਦਾਤ ਤੋਂ ਸੱਖਣੇ ਨੀਲਧਾਰੀ ਸੰਪ੍ਰਦਾਇ ਨਾਲ ਸੰਬੰਧਿਤ ਦੁਬਈ, ਸਿੰਘਾਪੁਰ, ਮਲੇਸ਼ੀਆ, ਅਮਰੀਕਾ, ਇੰਗਲੈਂਡ ਆਦਿ ਦੇਸ਼ਾਂ ਦੇ 525 ਤੋਂ ਵੱਧ ਪ੍ਰਾਣੀਆਂ ਨੇ ਬੈਂਕਾਕ ਦੀ ਧਰਤੀ ਮਹਾਂਰਾਜਾ ਗਾਰਡਨ ਸਿਟੀ ਵਿਖੇ ਅੰਮ੍ਰਿਤ ਦੀ ਦਾਤ (ਖੰਡੇ ਬਾਟੇ ਦੀ ਪਾਹੁਲ) ਲੈ ਕੇ ਆਪਣੇ ਜੀਵਨ ਨੂੰ ਸਿੱਖ ਪੰਥ ਵਿੱਚ ਸ਼ਾਮਲ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਧਾਂਤ ਅਨੁਸਾਰ ਢਾਲਿਆ ਹੈ।ਜਿਹੜੇ ਪ੍ਰਾਣੀ ਅੰਮ੍ਰਿਤ ਦੀ ਦਾਤ ਲੈ ਕੇ ਗੁਰੂ ਵਾਲੇ ਬਣੇ ਹਨ ਉਹਨਾਂ ਨੂੰ ਵਧਾਈ ਦਿੰਦਿਆਂ ਫਰਾਂਸ ਸਿੱਖ ਕੌਂਸਲ ਦੇ ਪ੍ਰਧਾਨ ਅਤੇ ਸਿੱਖ ਚੈਨਲ ਯੂ ਕੇ ਦੇ ਨੁੰਮਾਇੰਦੇ ਭਾਈ ਬਸੰਤ ਸਿੰਘ ਪੰਜਹੱਥਾ ਨੇ ਕਿਹਾ ਕਿ ਸਿੰਘ ਸਾਹਿਬ ਗਿਆਨੀ ਪ੍ਰਤਾਪ ਸਿੰਘ ਹੈੱਡ ਗ੍ਰੰਥੀ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ,ਬਾਬਾ ਹਰਜੀਤ ਸਿੰਘ ਮਹਿਤਾ ਚੌਂਕ (ਯੂ ਕੇ),ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਅਤੇ ਸਿੱਖ ਚੈਨਲ ਯੂ ਕੇ ਦੇ ਨੁਮਾਇੰਦੇ ਵੀ ਵਧਾਈ ਦੇ ਪਾਤਰ ਹਨ ਜਿਹਨਾਂ ਦੀ ਅਣਥੱਕ ਮੇਹਨਤ ਸਦਕਾ ਏਨੇ ਪ੍ਰਾਣੀ ਗੁਰੂ ਵਾਲੇ ਹਨ।ਉਹਨਾਂ ਕਿਹਾ ਕਿ ਅੰਮ੍ਰਿਤ ਦੀ ਦਾਤ ਕਰਮਾਂ ਤੋਂ ਬਿਨ੍ਹਾਂ ਨਹੀਂ ਮਿਲਦੀ ਅਤੇ ਨੀਲਧਾਰੀ ਸੰਪ੍ਰਦਾਇ ਦੇ ਜਿਹਨਾਂ ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ ਉਹ ਬੜੇ ਵੱਡੇਭਾਗਾਂ ਵਾਲੇ ਹਨ।ਉਹਨਾਂ ਨੇ ਜਿੱਥੇ ਇਸ ਸੰਪ੍ਰਦਾਇ ਦੇ ਸਮੂਹ ਪ੍ਰਾਣੀਆਂ ਨੂੰ ਅਪੀਲ ਕੀਤੀ ਕਿ ਉਹ ਖੰਡੇ ਬਾਟੇ ਦੀ ਪਾਹੁਲ ਲੈ ਕੇ ਅੰਮ੍ਰਿਤਧਾਰੀ ਅਤੇ ਸ਼ਸ਼ਧਾਰੀ ਹੋਣ ਉੱਥੇ ਉਹਨਾਂ ਨੇ ਹੋਰ ਸੰਪ੍ਰਦਾਵਾਂ ਜਿਹੜੀਆਂ ਖੰਡੇ ਬਾਟੇ ਦੀ ਅੰਮ੍ਰਿਤ ਦੀ ਦਾਤ ਤੋਂ ਸੱਖਣੀਆਂ ਹਨ ਉਹਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਅੰਮ੍ਰਿਤ ਦੀ ਦਾਤ ਲੈ ਕੇ ਗੁਰੂ ਵਾਲੇ ਬਣਨ।