8 ਉਮੀਦਵਾਰਾਂ ਦੀ ਕਿਸਮਤ ਹੋਈ ਮਸ਼ੀਨਾਂ ‘ਚ ਬੰਦ
8 ਉਮੀਦਵਾਰਾਂ ਦੀ ਕਿਸਮਤ ਹੋਈ ਮਸ਼ੀਨਾਂ ‘ਚ ਬੰਦ
ਵਿਧਾਨ ਸਭਾ ਚੋਣਾਂ ਲਈ ਹਲਕਾ ਸ਼ਾਹਕੋਟ ‘ਚ 75 ਪ੍ਰਤੀਸ਼ਤ ਪੋਲਿੰਗ ਹੋਈ
ਸ਼ਹਿਰਾਂ ਤੋਂ ਇਲਾਵਾਂ ਪਿੰਡਾਂ ਦੇ ਵੋਟਰਾਂ ‘ਚ ਰਿਹਾ ਭਾਰੀ ਉਤਸ਼ਾਹ
ਕਈ ਬੂਥਾਂ ‘ਤੇ ਰਹੀ ਚਹਿਲ-ਪਹਿਲ ਅਤੇ ਕਈ ‘ਤੇ ਰਹੀ ਵੋਟਰਾਂ ਦੀ ਆਈ-ਚਲਾਈ
ਕਿਸੇ ਵੀ ਪ੍ਰਕਾਰ ਦੀ ਅਣਸੁਖਾਵੀ ਘਟਨਾਂ ਤੋਂ ਰਿਹਾ ਬਚਾ
ਸ਼ਾਹਕੋਟ/ਮਲਸੀਆਂ,30 ਜਨਵਰੀ (ਸਚਦੇਵਾ) ਪੰਜਾਬ ਵਿਧਾਨ ਸਭਾ ਚੋਣਾਂ ਅੱਜ ਹਲਕਾ ਸ਼ਾਹਕੋਟ ‘ਚ ਪੂਰੇ ਅਮਨ-ਅਮਾਨ ਨਾਲ ਨੇਪੜੇ ਚੜ੍ਹ ਗਈਆ । ਇਨ੍ਹਾਂ ਚੋਣਾਂ ਲਈ 8 ਉਮੀਦਵਾਰ ਚੋਣ ਮੈਂਦਾਨ ‘ਚ ਸਨ । ਸੋਮਵਾਰ ਸਵੇਰੇ 8 ਵਜੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਉਮੀਦਵਾਰ ਜਥੇਦਾਰ ਅਜੀਤ ਸਿੰਘ ਕੋਹਾੜ ਨੇ ਪਿੰਡ ਕੋਹਾੜ ਕਲਾਂ ‘ਚ ਆਪਣੀ ਪਹਿਲੀ ਵੋਟ ਪਾਈ । ਕਾਂਗਰਸ ਦੇ ਉਮੀਦਵਾਰ ਕਰਨਲ ਸੀ.ਡੀ ਸਿੰਘ ਕੰਬੋਜ਼ ਨੇ ਬੂਥ ਨੰਬਰ -108 ਸ਼ਾਹਕੋਟ ਵਿਖੇ ਸਵੇਰੇ 10 ਵਜੇ ਆਪਣੀ ਵੋਟ ਪਾਈ, ਇਸ ਮੌਕੇ ਉਨ੍ਹਾਂ ਦੀ ਪਤਨੀ ਵੀ ਉਨ੍ਹਾਂ ਦੇ ਨਾਲ ਸਨ ।ਸਵੇਰੇ ਸਮੇਂ ਸ਼ਾਹਕੋਟ ਦੇ ਬੂਥ ਨੰਬਰ-108 ਅਤੇ 109 ‘ਚ ਵੋਟਰਾਂ ਦੀਆ ਲੰਬੀਆ ਕਤਾਰਾ ਵੇਖਣ ਨੂੰ ਮਿਲੀਆ ਅਤੇ ਵੋਟਰਾਂ ‘ਚ ਚੋਣਾਂ ਨੂੰ ਲੈ ਕੇ ਭਾਰੀ ਉਤਸ਼ਾਹ ਪਾਇਆ ਗਿਆ, ਜਦ ਕਿ ਸ਼ਹਿਰ ਦੇ ਬਾਕੀ ਬੂਥਾਂ ‘ਤੇ ਵੋਟਰਾਂ ‘ਚ ਦੁਪਹਿਰ ਤੱਕ ਕੋਈ ਖਾਸਾ ਉਤਸ਼ਾਹ ਨਹੀਂ ਪਾਇਆ ਗਿਆ । ਇਸ ਤੋਂ ਇਲਾਵਾ ਬਜ਼ੁਰਗ ਤੇ ਅਪੰਗ ਵੋਟਰਾਂ ਨੇ ਵੀ ਆਪਣੇ ਅਧਿਕਾਰ ਨੂੰ ਨਹੀਂ ਛੱਡਿਆ ਅਤੇ ਆਪਣੀ ਵੋਟ ਦਾ ਇਸਤੇਮਾਲ ਕੀਤਾ । ਇਸ ਤੋਂ ਇਲਾਵਾ ਹਲਕੇ ਦੇ ਵੱਖ-ਵੱਖ ਪਿੰਡਾ ਵਿੱਚ ਵੋਟਰਾਂ ‘ਚ ਵੋਟਾਂ ਸੰਬੰਧੀ ਭਾਰੀ ਉਤਸ਼ਾਹ ਦੇਖਿਆ ਗਿਆ ਅਤੇ ਹਰੇਕ ਬੂਥ ‘ਤੇ ਲੰਬੀਆ-ਲੰਬੀਆ ਕਤਾਰਾ ਲੱਗੀਆ ਰਹੀਆ ।ਬਾਅਦ ਦੁਪਹਿਰ 12:30 ਵਜੇ ਤੱਕ ਹਲਕੇ ‘ਚ ਸਮੁੱਚੀ 30 ਤੋਂ 35 ਪ੍ਰਤੀਸ਼ਤ ਪੋਲਿੰਗ ਹੋਈ ਸੀ, ਜਦ ਕਿ 3 ਵਜੇ ਤੱਕ 60 ਪ੍ਰਤੀਸ਼ਤ ਦੇ ਕਰੀਬ ਸਮੁੱਚੀ ਪੋਲਿੰਗ ਹੋ ਚੁੱਕੀ ਸੀ । 65 ਤੋਂ 70 ਪ੍ਰਤੀਸ਼ਤ ਪਿੰਡਾ 3 ਵਜੇ ਤੱਕ 80 ਪ੍ਰਤੀਸ਼ਤ ਤੋਂ ਵੱਧ ਪੋਲਿੰਗ ਹੋ ਚੁੱਕੀ ਸੀ । ਇਸ ਮੌਕੇ ਹਲਕੇ ‘ਚ ਲਗਾਏ ਸੈਕਟਰ ਅਫਸਰਾਂ ਤੋਂ ਇਲਾਵਾ ਐਸ.ਡੀ.ਐਮ ਕਮ ਚੋਣ ਰਿੰਟਰਨਿੰਗ ਅਫਸਰ ਸ਼ਾਹਕੋਟ ਟੀ.ਐਨ ਪਾਸੀ, ਡੀ.ਐਸ.ਪੀ ਬਿਮਲ ਸ਼ਰਮਾਂ, ਐਸ.ਐਚ.ਓ ਸ਼ਾਹਕੋਟ ਲਖਵਿੰਦਰ ਸਿੰਘ ਮੱਲ੍ਹ, ਐਸ.ਐਚ.ਓ ਲੋਹੀਆ ਗੁਰਮੀਤ ਸਿੰਘ ਸਿੱਧੂ, ਤਹਿਸੀਲਦਾਰ ਸੰਜੀਵ ਸ਼ਰਮਾਂ, ਨਾਇਬ ਤਹਿਸੀਲਦਾਰ ਮਹਿਤਪੁਰ ਨਰਿੰਦਰਜੀਤ ਸਿੰਘ ਸਮੇਂ-ਸਮੇਂ ‘ਤੇ ਪੋਲਿੰਗ ਬੂਥਾਂ ‘ਤੇ ਨਿਗਰਾਨੀ ਰੱਖ ਰਹੇ ਸਨ । ਬੂਥ ਨੰਬਰ 19 ਲੋਹੀਆ, 37 ਪਿੱਪਲੀ, 134 ਸੰਢਾਵਾਲ ਅਤੇ 174 ਮਹੇੜੂ ਵਿਖੇ ਵੋਟਿੰਗ ਮਸ਼ੀਨਾਂ ਸਵੇਰੇ ਸਮੇਂ ਖਰਾਬ ਹੋ ਗਈਆ ਸਨ, ਪਰ ਰਿਟਰਨਿੰਗ ਅਫਸਰ ਵੱਲੋਂ ਤੁਰੰਤ ਵੋਟਿੰਗ ਮਸ਼ੀਨਾ ਬੂਥਾਂ ‘ਤੇ ਭੇਜ ਕੇ ਸਮੇਂ ਸਿਰ ਵੋਟਿੰਗ ਸ਼ੁਰੂ ਕਰਵਾਈ ਗਈ ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਚੋਣ ਰਿਟਰਨਿੰਗ ਅਫਸਰ ਟੀ.ਐਨ ਪਾਸੀ ਅਤੇ ਡੀ.ਐਸ.ਪੀ ਬਿਮਲ ਸ਼ਰਮਾਂ ਨੇ ਦੱਸਿਆ ਕਿ ਹਲਕੇ ‘ਚ 211 ਬੂਥ ਬਣਾਏ ਗਏ ਹਨ ਅਤੇ ਕਿਸੇ ਵੀ ਬੂਥ ‘ਤੇ ਕੋਈ ਵੀ ਅਨਸੁਖਾਵੀ ਘਟਨਾਂ ਨਹੀਂ ਵਾਪਰੀ ਅਤੇ ਚੋਣਾਂ ਅਮਨ-ਅਮਾਨ ਨਾਲ ਹੋ ਰਹੀਆ ਹਨ । ਉਨ੍ਹਾਂ ਦੱਸਿਆ ਕਿ ਸ਼ਾਮ 5 ਵਜੇ ਤੋਂ ਬਾਅਦ ਪੋਲਿੰਗ ਪਾਰਟੀਆ ਵੋਟਿੰਗ ਮਸ਼ੀਨਾਂ ਅਤੇ ਬਾਕੀ ਸਮਾਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ਼ਾਹਕੋਟ ਵਿਖੇ ਜਮ੍ਹਾਂ ਕਰਵਾਉਣਗੀਆ ਅਤੇ ਰਾਤੋਂ ਰਾਤ ਚੋਣਾਂ ਦਾ ਸਾਰਾ ਸਮਾਨ ਡਾਇਰੈਕਟਰ ਲੈਂਡ ਰਿਕਾਰਡਜ਼ ਦਫ਼ਤਰ ਜਲੰਧਰ ਵਿਖੇ ਭੇਜ ਦਿੱਤਾ ਜਾਵੇਗਾ, ਜਿਥੇ ਇਹ ਮਸ਼ੀਨਾ ਵੋਟਾਂ ਦੀ ਗਿਣਤੀ ਹੋਣ ਤੱਕ ਸਖ਼ਤ ਨਿਗਰਾਨੀ ‘ਚ ਰਹਿਣ ਗੀਆ ਅਤੇ ਮਸ਼ੀਨਾਂ ਵਾਲੀ ਥਾਂ ਤੇ ਨਿਗਰਾਨੀ ਲਈ ਸੀ.ਸੀ, ਟੀ.ਵੀ ਕੈਮਰੇ ਲਗਾਏ ਗਏ ਹਨ । ਦੇਰ ਸ਼ਾਮ ਤੱਕ ਹਲਕਾ ਸ਼ਾਹਕੋਟ ‘ਚ ਸਮੁੱਚੀ 75 ਪ੍ਰਤੀਸ਼ਤ ਪੋਲਿੰਗ ਹੋਈ ਹੈ । ਇਨ੍ਹਾਂ ਚੋਣਾਂ ‘ਚ 8 ਉਮੀਦਵਾਰਾਂ ਦੀ ਕਿਸਮਤ ਮਸ਼ੀਨਾਂ ‘ਚ ਬੰਦ ਹੋ ਗਈ ਹੈ, ਜਿਸ ਦਾ ਫੈਸਲਾ 6 ਮਾਰਚ ਨੂੰ ਹੋਵੇਗਾ ।







