ਚਾਲਕ ਨੂੰ ਨੀਂਦ ਆਉਣ ਕਾਰਨ ਟਰੱਕ ਸਫੈਦੇ ਨਾਲ ਟਕਰਾਇਆ

ਮਲਸੀਆਂ, 17 ਫਰਵਰੀ (ਸੁਖਦੀਪ ਸਿੰਘ ਸਚਦੇਵਾ)ਅੱਜ ਤਕੜਸਾਰ ਇੱਕ ਟਰੱਕ ਦੇ ਸਫੈਦੇ ਨਾਲ ਬੁਰੀ ਤਰ੍ਹਾਂ ਟਕਰਾਉਣ ਕਾਰਨ ਵਿੱਚ ਸਵਾਰ ਇੱਕ ਵਿਅਕਤੀ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ 5.30 ਵਜੇ ਲੱਕੜ ਦੇ ਡੱਕਾਂ ਨਾਲ ਲੱਦਿਆ ਇੱਕ 10 ਟਾਇਰਾਂ ਵਾਲੇ ਟਰੱਕ ਨੰਬਰ ਪੀ.ਬੀ.05 ਜੀ. 2072, ਜੋ ਕਿ ਗੰਗਾਨਗਰ ਤੋਂ ਜਲੰਧਰ ਵੱਲੋਂ ਜਾ ਰਿਹਾ ਸੀ ਅਤੇ ਉਸਨੂੰ ਸਤਨਾਮ ਸਿੰਘ ਵਾਸੀ ਗੰਗਾਨਗਰ ਚਲਾ ਰਿਹਾ ਸੀ ।ਜਦੋਂ ਇਹ ਟਰੱਕ ਸ਼ਾਹਕੋਟ ਤੋਂ ਮਲਸੀਆਂ ਵੱਲ ਮੁੱਖ ਮਾਰਗ ’ਤੇ ਜਾ ਰਿਹਾ ਸੀ ਤਾਂ ਗੋਦੜੀ ਪੀਰ ਦੀ ਜਗ੍ਹਾ ਤੋਂ ਥੋੜ੍ਹਾ ਜਿਹਾ ਅੱਗੇ ਜਾ ਕੇ ਟਰੱਕ ਚਾਲਕ ਨੂੰ ਅਚਾਨਕ ਨੀਂਦ ਆ ਗਈ ਤੇ ਮਾੜੀ ਜਿਹੀ ਘੂਕ ਲੱਗਦੇ ਸਾਰ ਹੀ ਟਰੱਕ ਸੜਕ ਤੋਂ ਦੂਸਰੇ ਪਾਸੇ ਸਫੈਦੇ ਨਾਲ ਬੁਰੀ ਤਰ੍ਹਾਂ ਜਾ ਟਕਰਾਇਆ । ਟੱਕਰ ਇੰਨੀ ਜ਼ਬਰਦਸਤ ਸੀ ਕਿ ਟਰੱਕ ਅੱਗਲੇ ਪਾਸਿਓ ਪੂਰੀ ਤਰ੍ਹਾਂ ਚਕਨਾਚੂਰ ਹੋ ਗਿਆ ਅਤੇ ਉਸ ਵਿੱਚ ਸਵਾਰ ਇੱਕ ਬੰਟੀ ਨਾਮ ਦੇ ਵਿਅਕਤੀ ਦੇ ਮੂੰਹ ’ਤੇ ਕਾਫੀ ਸੱਟਾਂ ਵੱਜੀਆਂ, ਜਿਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ । ਇਸ ਹਾਦਸੇ ਦੌਰਾਨ ਕੋਈ ਵੀ ਜਾਨੀ ਨੁਕਸਾਨ ਹੋਣੋ ਬਚਾਅ ਰਿਹਾ ।





