ਬਹੁਪੱਖੀ ਸ਼ਖ਼ਸੀਅਤ-ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ
ਬਹੁਪੱਖੀ ਸ਼ਖ਼ਸੀਅਤ-ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ
ਲੇਖਕ: ਹਰਭਜਨ ਸਿੰਘ ਵਕਤਾ ਪ੍ਰਕਾਸ਼ਕ: ਪੰਜ ਆਬ ਪ੍ਰਕਾਸ਼ਨ, ਜਲੰਧਰ
ਇਹ ਪੁਸਤਕ ਪੰਥ ਦੇ ਪ੍ਰਸਿਧ ਪ੍ਰਚਾਰਕ ਗਿਆਨੀ ਸੰਤੋਖ ਸਿੰਘ ਦੇ ਜੀਵਨ ‘ਤੇ ਆਧਾਰਤ ਹੈ। ਇਸ ਵਿਚ ਉਹਨਾਂ ਦੀ ਸ਼ਖ਼ਸੀਅਤ ਬਾਰੇ ਦੋ ਭਾਗਾਂ ਵਿਚ ਵਰਨਣ ਕੀਤਾ ਗਿਆ ਹੈ। ਪਹਿਲਾ ਭਾਗ ਲੇਖਕ ਵੱਲੋਂ ਅਤੇ ਦੂਜਾ ਭਾਗ ਗਿਆਨੀ ਜੀ ਦੇ ਨਿਟਵਰਤੀਆਂ ਵੱਲੋਂ ਪ੍ਰਸਤੁਤ ਕੀਤਾ ਗਿਆ ਹੈ। ਪੁਸਤਕ ਰਾਹੀਂ ਗਿਆਨੀ ਜੀ ਦੀ ਬਹੁਪੱਖੀ ਦੇਣ ਬਾਰੇ ਪਤਾ ਲੱਗਦਾ ਹੈ। ਉਹ ਨਾ ਕੇਵਲ ਇਕ ਸੂਝਵਾਨ ਅਤੇ ਗਿਆਨਵਾਨ ਹਸਤੀ ਹਨ, ਸਗੋਂ ਇਕ ਸਫ਼ਲ ਲਿਖਾਰੀ, ਕੀਰਤਨੀਏ, ਬੁਲਾਰੇ ਅਤੇ ਵਧੀਆ ਜੀਵਨ- ਜਾਚ ਵਾਲ਼ੇ ਗੁਰਸਿੱਖ ਹਨ। ਉਹਨਾਂ ਕੋਲ਼ ਜ਼ਿੰਦਗੀ ਦਾ ਵਿਸ਼ਾਲ ਅਨੁਭਵ, ਸਾਹਿਤਕ ਲਗਨ, ਸੁਹਿਰਦਤਾ ਅਤੇ ਸੁਚੱਜੀ ਸੋਚ ਹੈ। ਉਹਨਾਂ ਨੇ ਪੰਜ ਪੁਸਤਕਾਂ ਲਿਖ ਕੇ ਮਾਂ ਬੋਲੀ ਦੀ ਵਡਮੁੱਲੀ ਸੇਵਾ ਕੀਤੀ ਹੈ। ਉਹਨਾਂ ਦੀਆਂ ਲਿਖਤਾਂ ਵਿਚੋਂ ਸਿੱਖ ਧਰਮ, ਸਿੱਖ ਕਿਰਦਾਰ ਅਤੇ ਸਿੱਖੀ ਵਿਰਸੇ ਦੀ ਮਹਿਕ ਆਉਂਦੀ ਹੈ।
ਭਾਵੇਂ ਗਿਆਨੀ ਜੀ ਨੇ ਕੋਈ ਸਕੂਲੀ ਵਿੱਦਿਆ ਗ੍ਰਹਿਣ ਨਹੀ ਕੀਤੀ ਪਰ ਆਪਣ ਪਿਤਾ ਪਾਸੋਂ ਗੁਰਬਾਣੀ ਦੀ ਤਾਲੀਮ ਅਤੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਅੰਮ੍ਰਿਤਸਰ ਤੋਂ ਗੁਰਮਤਿ ਸੰਗੀਤ ਦੀ ਵਿੱਦਿਆ ਹਾਸਲ ਕਰਕੇ, ਉਹਨਾਂ ਨੇ ਲੰਮਾ ਸਮਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਵੱਖ ਵੱਖ ਅਹੁਦਿਆਂ ‘ਤੇ ਸੇਵਾ ਨਿਭਾਈ। ਓਥੇ ਪੰਥ ਦੀਆਂ ਪ੍ਰਸਿਧ ਹਸਤੀਆਂ ਦੀ ਰਹਿਨੁਮਾਈ ਹੇਠ ਉਹਨਾਂ ਨੇ ਇਤਿਹਾਸ, ਸਾਹਿਤ, ਗੁਰਬਾਣੀ ਅਤੇ ਭਾਸ਼ਾ ਸਬੰਧੀ ਵਿਸ਼ਾਲ ਗਿਆਨ ਹਾਸਲ ਕੀਤਾ ਅਤੇ ਆਪਣੀ ਸੋਚ ਨੂੰ ਵਿਸ਼ਾਲ ਬਣਾਇਆ। ਸੰਨ 1973 ਵਿਚ ਉਹਨਾਂ ਨੇ ਵਿਦੇਸ਼ ਯਾਤਰਾ ਦੌਰਾਨ ਗੁਰਸਿੱਖੀ ਦੇ ਪ੍ਰਚਾਰ ਨੂੰ ਆਪਣਾ ਮੰਤਵ ਬਣਾਇਆ ਅਤੇ ਦੂਰ-ਦੁਰਾਡੇ ਦੇਸ਼ਾਂ ਵਿਚ ਜਾ ਕੇ ਗੁਰਬਾਣੀ ਦਾ ਪ੍ਰਚਾਰ ਅਤੇ ਪ੍ਰਸਾਰ ਕੀਤਾ। ਸੰਨ 1980 ਤੋਂ ਪੱਕੇ ਤੌਰ ਤੇ ਆਸਟ੍ਰੇਲੀਆ ਵਿਚ ਵੱਸੇ ਹੋਏ ਹਨ ਜਿਥੇ ਆਪਣੀਆਂ ਪਰਵਾਰਕ, ਸਮਾਜਕ ਅਤੇ ਧਾਰਮਿਕ ਜੁਮੇਵਾਰੀਆਂ ਨੂੰ ਪੂਰਾ ਕਰਦੇ ਹੋਏ ਉਹ ਸੱਭਿਆਚਾਰ ਅਤੇ ਸਾਹਿਤ ਨਾਲ਼ ਵੀ ਜੁੜੇ ਹੋਏ ਹਨ। ਉਹਨਾਂ ਅਨੇਕ ਦੇਸ਼ਾਂ ਦੀ ਯਾਤਰਾ ਕਰਕੇ ਪੰਜਾਬੀਅਤ, ਇਨਸਾਨੀਅਤ ਅਤੇ ਗੁਰਮਤਿ ਦੀ ਖ਼ੁਸ਼ਬੂ ਨੂੰ ਵੰਡਿਆ ਹੈ। ਇਸ ਉਮਰ ਵਿਚ ਵੀ ਉਹ ਪੂਰੀ ਤਰ੍ਹਾਂ ਗਤੀਸ਼ੀਲ ਹਨ ਅਤੇ ਗਿਆਨ ਦਾ ਚਾਨਣ ਵੰਡ ਰਹੇ ਹਨ। ਪੁਸਤਕ ਦੇ ਸਾਰੇ ਹੀ ਲੇਖਾਂ ਨੇ ਗਿਆਨੀ ਜੀ ਦੀ ਵਡਮੁੱਲੀ ਸ਼ਖ਼ਸੀਅਤ ਨਾਲ਼ ਇਨਸਾਫ਼ ਕੀਤਾ ਹੈ। ਇਸ ਪੁਸਤਕ ਪੜ੍ਹਨ ਯੋਗ ਅਤੇ ਸਾਂਭਣ ਯੋਗ ਹੈ।
ਡਾ. ਸਰਬਜੀਤ ਕੌਰ ਸੰਧਾਵਾਲੀਆ





