ਸੇਵਾ ਜਾਂ ਪੈਸਾ
ਸੇਵਾ ਜਾਂ ਪੈਸਾ
ਬਾਬਾ ਜੀ ਲੰਗਰ ਪਕਾਉਣ ਵਾਲਿਆਂ ਨੂੰ,ਲੰਗਰ ਦੇ ਜੂਠੇ ਬਰਤਨ ਸਾਫ਼ ਕਰਨ ਵਾਲਿਆਂ ਨੂੰ,ਗੁਰੂ ਮਹਾਂਰਾਜ ਦੀ ਜੀ ਹਜ਼ੂਰੀ ਕਰਨ ਵਾਲਿਆਂ ਨੂੰ ਜਾਂ ਫਿਰ ਜੋੜੇ ਸਾਫ਼ ਕਰਨ ਵਾਲਿਆਂ ਨੂੰ ਨਹੀਂ ਮਿਲਦੀ ਕੁਰਸੀ ਤੇ ਬੈਠ ਕੇ ਸੇਵਾ ਕਰਨ ਦੀ ਸੇਵਾ!ਸੁਖਦੀਪ ਸਿਹਾਂ ਇਹ ਕੀ ਕਹਿ ਰਿਹਾਂ ਤੂੰ ਮੇਰੇ ਕੁਝ ਸਮਝ ਨਹੀਂ ਆ ਰਿਹਾ।ਬਾਬਾ ਜੀ ਮੈਂ ਕਹਿ ਰਿਹਾਂ! ਆਹ ਕੁਰਸੀਆਂ ਤੇ ਬੈਠ ਕੇ ਸੇਵਾ ਨਹੀਂ ਕਰਦੇ ਕਮੇਟੀਆਂ ਵਾਲੇ।ਉਹ ਕਿਹੜੇ? ਆਹ ਜਿਹੜੇ ਵੋਟਾਂ ਪਾ ਕੇ ਸੇਵਾ ਕਰਨ ਲਈ ਜਿੱਤਦੇ ਨੇ।ਪੁੱਤਰ ਸੁਖਦੀਪ ਸਿਹਾਂ ਓ ਇਹ ਕਿਹੜੀ ਗੁੰਝਲਦਾਰ ਜਿਹੀ ਗੱਲ ਕਰਨ ਲੱਗ ਪਿਐਂ।ਪੁੱਤਰ ਏਦਾਂ ਦੀਆਂ ਗੱਲਾਂ ਨਹੀਂ ਕਰੀ ਦੀਆਂ,ਚੱਲ ਛੱਡ ਤੂੰ ਕੀ ਲੈਣਾ ਏਦਾਂ ਦੀਆਂ ਗੱਲਾਂ ਚੋਂ।ਤੂੰ ਬਰਤਨ ਧੋਣ ਦੀ,ਜੋੜੇ ਸਾਫ਼ ਕਰਨ ਦੀ,ਗੁਰੂ ਮਹਾਂਰਾਜ ਦੇ ਵਸਤਰ ਬਦਲਣ ਦੀ ਸੇਵਾ ਕਰਿਆ ਕਰ ਤੈਨੂੰ ਸੱਚੀ ਦਰਗਾਹ ਵਿੱਚ ਉੱਚ ਉਪਾਧੀ ਮਿਲੇਗੀ।ਨਹੀਂ!ਬਾਬਾ ਜੀ ਤੁਸੀਂ ਗੁਰੂ ਸਾਹਿਬ ਜੀ ਦੇ ਵਜੀਰ ਓ,ਗ੍ਰੰਥੀ ਸਾਹਿਬਾਨ ਹੋ ਇਹ ਬੜੀ ਵੱਡੀ ਗੱਲ ਹੈ!ਤੁਸੀਂ ਮੈਂਨੂੰ ਜਰੂਰ ਦੱਸੋ।ਪਹਿਲਾਂ ਤਾਂ ਸੁਣਿਆਂ ਸੀ ਕਿ ਜੋ ਗੁਰੂ ਮਹਾਂਰਾਜ ਦੀ ਸੱਚੀ ਸੇਵਾ ਕਰਦੇ ਸਨ ਉਹਨਾਂ ਨੂੰ ਹੀ ਅਜਿਹੀਆਂ ਸੇਵਾਵਾਂ ਬਖ਼ਸ਼ੀਆਂ ਜਾਂਦੀਆਂ ਸਨ।ਭਾਈ ਮੰਝ ਜੀ ਜੋ ਗੁਰੂ ਕੇ ਲੰਗਰਾਂ ਵਾਸਤੇ ਲੱਕੜਾਂ ਇਕੱਠੀਆਂ ਕਰਨ ਦੀ ਸੇਵਾ ਕਰਦੇ ਸਨ।ਭਾਈ ਹੰਦਾਲ ਜੀ ਅਤੇ ਹੋਰ ਬਹੁਤ ਸਾਰੇ ਗੁਰੂ ਕੇ ਸੇਵਾਦਾਰ ਜਿਹਨਾਂ ਨੂੰ ਬਾਅਦ ਵਿੱਚ ਮੰਜੀਆਂ ਬਖ਼ਸ਼ੀਆਂ ਆਦਿ! ਤੇ ਹੁਣ ਕੀ ਗੱਲ ਹੋ ਗਈ।
ਸੱਖਦੀਪ ਸਿਹਾਂ ਤੂੰ ਤੇ ਜਿੱਦ ਹੀ ਕਰ ਕੇ ਬੈਠ ਗਿਐਂ।ਸੱਖਦੀਪ ਸਿਹਾਂ ਉਹ ਦਿਨ ਲੰਘ ਗਏ ਜਦੋਂ ਪੈਸਿਆਂ ਦੀ ਥਾਂ ਗੁਰੂ ਮਹਾਂਰਾਜ ਪੰਜਵੇਂ ਪਾਤਸ਼ਾਹ ਨੇ ਸੱਚੀ ਸ਼ਰਧਾ ਵਿੱਚ ਕੌਡੀ ਨੂੰ ਤਰਜੀਹ ਦਿੱਤੀ ਸੀ।ਹੁਣ ਤਾਂ ਕਮੇਟੀਆਂ ਵਿੱਚ ਜਥੇਦਾਰਾਂ ਦੀ ਸੇਵਾ ਲੈਣ ਵਾਸਤੇ ਝੂਠ ਬੋਲਣਾ ਪੈਂਦਾ ਏ,ਪੈਸਾ ਕਮਾਉਣਾ ਪੈਂਦਾ ਹੈ ਭਾਵੇਂ ਜਿੱਦਾਂ ਮਰਜੀ ਕਮਾਈਏ,ਗਰੀਬ ਦੇ ਮੂਹੋਂ ਟੁੱਕ ਖੋਹ ਕੇ,ਨਸ਼ਾ ਵੇਚ ਕੇ ਜਾਂ ਫਿਰ ਬੇਈਮਾਨੀ ਕਰਕੇ।ਜਿੰਨਾਂ ਜਿਆਦਾ ਪੈਸਾ ਓਨੀ ਵੱਡੀ ਸੇਵਾਦਾਰ ਦੀ ਪਦਵੀ।ਹੁਣ ਇਹ ਸੇਵਾ ਲੈਣ ਵਾਸਤੇ ਸੇਵਾ ਦੀ ਲੋੜ ਨਹੀਂ,ਪੈਸੇ ਦੀ ਲੋੜ ਏ!ਪੈਸਾ ਭਾਵੇਂ ਜਿੱਦਾਂ ਮਰਜ਼ੀ ਚੱਲ ਛੱਡ ਸੁਖਦੀਪ ਸਿਹਾਂ ਕਿਤੇ ਕਲ੍ਹ ਨੂੰ ਮੇਰੀ ਵੀ ਛੁੱਟੀ ਨਾ ਹੋ ਜਾਵੇ।ਤੂੰ ਕੀ ਲੈਣਾ ਇਹਨਾਂ ਗੱਲਾਂ ਚੋਂ।ਨਹੀਂ ਬਾਬਾ ਜੀ ਮੈਂ ਸੋਚਦਾ ਕਦੀ ਮੈਂ ਵੀ ਅਜਿਹੀ ਸੇਵਾ ਕਰ ਸਕਾਂਗਾ। ਨਹੀਂ !ਤੂੰ ਨਾ ਤਾਂ ਝੂਠ ਬੋਲ ਸਕਦਾਂ,ਨਾ ਠੱਗੀ ਮਾਰ ਸਕਦਾਂ ਤੇ ਨਾ ਹੀ ਬੇਈਮਾਨੀ ਕਰ ਸਕਦੈਂ।ਤੈਨੂੰ ਜਿਹੜੀ ਸੇਵਾ ਮਿਲੀ ਐ ਤੂੰ ਇਹੋ ਹੀ ਕਰਿਆ ਕਰ।ਬਾਬਾ ਜੀ ਤੁਸੀਂ ਬਾਬਾ ਬੁੱਢਾ ਜੀ ਦੀ ਜਮਾਤ ਵਿੱਚੋਂ ਹੋ ਜਿਹਨਾਂ ਨੂੰ ਪਹਿਲੀ ਵਾਰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਹਿਲਾ ਗ੍ਰੰਥੀ ਥਾਪਿਆ ਸੀ ਉਹਨਾਂ ਦੀ ਸੇਵਾ ਨੂੰ ਵੇਖ ਕੇ! ਤੇ ਤੁਸੀਂ333333 ।ਸੱਖਦੀਪ ਸਿਹਾਂ ਹੁਣ ਇਹਨਾਂ ਸੇਵਾਵਾਂ ਦੀ ਲੋੜ ਨਹੀਂ ਹੁਣ ਤਾਂ ਕਮੇਟੀਆਂ ਦੇ ਵੱਡੇ ਅਹੁਦੇਦਾਰਾਂ ਦੀਆਂ ਮੁੱਠੀਆਂ ਭਰਨ ਦੀ ਲੋੜ ਏ!ਜਿੰਨੀਆਂ ਵੱਧ ਭਰ ਲਉ ਓਨਾ ਵੱਡਾ ਗ੍ਰੰਥੀ ਬਣ ਜਾਉ।





