ਸਾਂਝ - ਵਿਵੇਕ

ਨਾ ਮੰਮੀ, ਨਾ ਮਾਰੀ ਦਸ ਕੁ ਸਾਲ ਦੇ ਭੋਲੂ ਨੇ ਆਪਣੀ ਮੰਮੀ ਅੱਗੇ ਹੱਥ ਜੋੜਦਿਆਂ ਕਿਹਾ।
ਨਹੀਂ, ਮੈਂ ਤੈਨੂੰ ਹੁਣੇ ਦੱਸਦੀ ਆਂ। ਹੁਣ ਖੇਡੇਂਗਾ ਉਹਦੇ ਨਾਲ ? ਕਹਿਦਿਆਂ ਊਸ਼ਾ ਦੇਵੀ ਨੇ ਸੋਟੀ ਮੁੰਡੇ ਦੇ ਗਿੱਟਿਆਂ ਉਤੇ ਦੇ ਮਾਰੀ।
    
ਸੋਟੀ ਵੱਜਦਿਆਂ ਹੀ ਭੋਲੂ ਦੀ ਚੀਕ ਨਿਕਲ ਗਈ। ਊਸ਼ਾ ਦੇਵੀ ਨੇ ਫਿਰ ਤੋਂ ਸੋਟੀ ਮਾਰਨ ਲਈ ਹੱਥ ਚੁੱਕਿਆ ਹੀ ਸੀ ਕਿ ਉਸ ਦੇ ਪਤੀ ਪਸ਼ਡਤ ਕ੍ਰਿਸ਼ਨ ਕਾਂਤ ਨੇ ਆ ਉਹਦਾ ਹੱਥ ਫੜ ਲਿਆ। ਪਿਤਾ ਨੂੰ ਆਇਆ ਦੇਖ, ਬਚਾਅ ਲਈ ਭੋਲੂ ਉਹਦੀਆਂ ਲੱਤਾਂ ਨਾਲ ਚਿਸ਼ਬੜ ਗਿਆ।

ਹੁਣ ਕਿੱਧਰ ਜਾਨੈ ? ਤੈਨੂੰ ਕਿਸ਼ਨੀ ਵਾਰ ਕਿਹੈ,ਪਰ ਤੇਰੇ ਤੇ ਕੋਈ ਅਸਰ ਹੀ ਨਹੀਂ।ਊਸ਼ਾ ਦੇਵੀ ਫਿਰ ਭੋਲੂ ਵੱਲ ਹੋਈ।
ਕੀ ਗੱਲ ਹੋ ਗਈ ? ਕਿਉਂ ਮੁੰਡੇ ਨੂੰ ਮਾਰੀ ਜਾਨੀਂ ਐਂ ? ਸਹਿਮੇ ਮੁੰਡੇ ਦੀ ਪਿੱਠ ਉਤੇ ਹੱਥ ਰੱਖਦਿਆਂ ਕ੍ਰਿਸ਼ਨ ਕਾਂਤ ਨੇ ਆਪਣੀ ਘਰ ਵਾਲੀ ਨੂੰ ਪੁੱਛਿਆ।

ਹੋਣਾ ਕੀ ਐ, ਜਦੋਂ ਵੇਖੋ, ਮਜ਼੍ਹਬੀਆਂ ਦੇ ਮੁੰਡੇ ਨਾਲ ਖੇਡਦਾ ਰਹਿਦੈ। ਉਹਦੀ ਬਾਂਹ ਚ ਬਾਂਹ ਪਾ ਕੇ ਤੁਰਿਆ ਫਿਰਦੈ। ਕਦੇ ਉਹਦੇ ਘਰ ਆਪ ਜਾ ਵੜਦੈ, ਕਦੇ ਉਹਨੂੰ ਆਪਣੇ ਘਰ ਲੈ ਆਉਂਦਾ, ਇਹਨੂੰ ਕਈ ਵਾਰ ਸਮਝਾਇਐ, ਪਰ ਸੁਣਦਾ ਈ ਨਹੀਂ। ਅਖੇ, ਉਹ ਮੇਰਾ ਬੇਲੀ ਐ, ਬੇਲੀ ਬਣਾਉਣੈ ਤਾਂ ਜਾਤ ਬਰਾਦਰੀ ਤਾਂ ਵੇਖ ਲੈ। ਊਸ਼ਾ ਦੇਵੀ ਨੇ ਮੁੰਡੇ ਨੂੰ ਘੂਰਦਿਆਂ ਕਿਹਾ।

ਓਏ, ਛੱਡ, ਇਹ ਕਿਹੜੀ ਗੱਲ ਹੋਈ।ਆਪਾਂ ਵੀ ਦਿਹਾੜੀ-ਦੱਪਾ ਕਰਕੇ ਖਾਣ ਵਾਲੇ ਆਂ ਤੇ ਉਹ ਵੀ ਮਿਹਨਤ-ਮਜ਼ਦੂਰੀ ਕਰਕੇ ਖਾਣ ਵਾਲੇ। ਦੱਸ ਫੇਰ ਫਰਕ ਕੀ ਹੋਇਆ ? ਆਪਾਂ ਵੀ ਗਰੀਬ ਤੇ ਉਹ ਵੀ ਗਰੀਬ।ਸਾਡੀ ਤਾਂ ਸਾਂਝ ਐ।ਜਾਤ ਬਿਰਾਦਰੀ ਨੇ ਕਿਤੇ ਰੋਟੀ ਦੇਣੀ ਐ? ਮਿਹਨਤ-ਮਜ਼ਦੂਰੀ ਕਰਕੇ ਈ ਖਾਣੀ ਐ। ਐਵੇਂ ਨਾ ਮੁੰਡੇ ਨੂੰ ਮਾਰਿਆ ਕਰ,ਖੇਡਣ ਦੇ ਜੀਹਦੇ ਨਾਲ ਖੇਡਦੈ।ਇਨਾ ਕਹਿ ਕੇ ਉਸ ਨੇ ਊਸ਼ਾ ਦੇਵੀ ਦੇ ਹੱਥੋਂ ਸੋਟੀ ਫੜ ਪਰੇ ਸਿੱਟ ਦਿੱਤੀ।