ਹੀਰਾ ਲਾਲ ਦੀ ਸੇਵਾ-ਮੁਕਤੀ-ਅਮਰਜੀਤ ਬੱਬਰੀ

ਪੁਰਾਣੇ ਵੇਲਿਆਂ ਦੇ ਬਜ਼ੁਰਗ ਅਕਸਰ ਕਿਹਾ ਕਰਦੇ ਸਨ-ਉਤਮ ਖੇਤੀ,ਮੱਧਮ ਵਪਾਰ,ਨਖਿੱਧ ਚਾਕਰੀ,ਭੀਖ ਦੁਆਰ।.ਇਸ ਕਹਾਵਤ ਵਿੱਚੋਂ ਪੁਰਾਣੇ ਸਮਿਆਂ ਦੀ ਸੱਚਾਈ ਸਾਫ ਝਲਕਦੀ ਹੈ,ਪਰ ਅਜੋਕੇ ਸਮੇਂ ਵਿੱਚ ਕਹਾਵਤ ਦਾ ਰੂਪ ਰੰਗ ਅਤੇ ਅਰਥ ਬਦਲ ਕੇ ਉੱਤਮ ਨੌਕਰੀ,ਮੱਧਮ ਵਪਾਰ,ਨਖਿੱਧ ਖੇਤੀ,ਭੀਖ ਬੇਜ਼ਾਰ.ਹੋ ਗਏ ਹਨ।ਨੌਕਰੀ ਨੂੰ ਖੇਤੀ ਨਾਲੋਂ ਉੱਤਮ ਧੰਦਾ ਸਮਝਿਆ ਜਾਣ ਲੱਗ ਪਿਆ ਹੈ।ਕੰਮ ਸ਼ੈਲੀ ਦਾ ਰੁਝਾਨ ਘਟਣ ਅਤੇ ਸਿੱਖਿਆ ਦੇ ਪ੍ਰਸਾਰ ਕਾਰਨ ਸਾਡੇ ਨੌਜਵਾਨ ਨੌਕਰੀ ਦੇ ਚਾਹਵਾਨ ਹੋ ਗਏ ਹਨ।ਕਿਸਾਨ ਆਪਣੇ ਧੰਦੇ ਤੋਂ ਮਾਯੂਸ ਹੋ ਕੇ ਖੁਦਕੁਸ਼ੀਆਂ ਦੇ ਰਾਹ ਤੁਰ ਪਿਆ ਹੈ,ਕਿਉਂਕਿ ਖੇਤੀ ਕੋਈ ਲਾਹੇਵੰਦਾ ਧੰਦਾ ਨਹੀਂ ਰਿਹਾ।ਕਈ ਵਾਰ ਮਨ ਬੜਾ ਸ਼ਸ਼ੋਪੰਜ ਵਿੱਚ ਪੈ ਜਾਂਦਾ ਹੈ,ਜਦੋਂ ਨੌਕਰੀ ਪੇਸ਼ਾ ਲੋਕ ਨੌਕਰੀ ਉੱਤਮ ਧੰਦਾ ਹੋਣ ਦੇ ਬਾਵਜੂਦ ਇਸ ਨੂੰ ਗੁਲਾਮੀ ਦਾ ਦੂਜਾ ਨਾਂਅ ਦੇਣ ਲੱਗ ਪੈਂਦੇ ਹਨ।

ਹੁਣੇ ਹੁਣੇ ਇੱਕ ਜ਼ਿਲਾ ਪੱਧਰ ਦੇ ਪ੍ਰਸ਼ਾਸਨਿਕ ਅਫਸਰ ਨੇ ਸਰਕਾਰ ਅਤੇ ਸਿਆਸੀ ਲੋਕਾਂਤੇ ਇਹ ਇਲਜ਼ਾਮ ਲਾਉਂਦੇ ਹੋਏ ਸਵੈ ਸੇਵਾ ਮੁਕਤੀ ਦਾ ਨੋਟਿਸ ਸਰਕਾਰ ਨੂੰ ਭੇਜਿਆ ਹੈ ਕਿ ਸੱਤਾਧਾਰੀ ਸਿਆਸਤਦਾਨ ਉਸ ਨਾਲ ਗੁਲਾਮਾਂ ਵਾਲਾ ਵਿਹਾਰ ਕਰਦੇ ਹਨ ਅਤੇ ਧੱਕੇ ਨਾਲ ਉਸ ਤੋਂ ਨਾਜਾਇਜ਼ ਕੰਮ ਕਰਵਾਉਣਾ ਚਾਹੁੰਦੇ ਹਨ।ਇਸ ਲਈ ਗੁਲਾਮੀ ਦੀ ਇਸ ਜ਼ਿੰਦਗੀ ਤੋਂ ਨਿਜਾਤ ਪਾਉਣ ਲਈ ਸਵੈ-ਇੱਛਾ ਨਾਲ ਸੇਵਾ ਮੁਕਤ ਹੋਣ ਜਾ ਰਿਹਾ ਹਾਂ।ਉਸ ਦਾ ਕਹਿਣਾ ਹੈ,ਉਹ ਬਤੌਰ ਡੀ ਸੀ ਕੰਮ ਕਰਦਾ ਸੀ।ਕੁਝ ਵੀ ਹੈ,ਨੌਕਰੀ ਪੇਸ਼ਾ ਆਦਮੀਆਂ ਨੇ ਸਿਆਸਤਦਾਨਾਂ ਤੋਂ ਦੁਖੀ ਹੋ ਕੇ ਅਜੇ ਆਤਮ-ਹੱਤਿਆ ਵਾਲਾ ਰਾਹ ਨਹੀਂ ਚੁਣਿਆ।

ਨੌਕਰੀ ਭਾਵੇਂ ਗੁਲਾਮੀ ਵਾਲਾ ਪੇਸ਼ਾ ਹੈ,ਫਿਰ ਵੀ ਲੋਕ ਨੌਕਰੀ ਕਰਦੇ ਹਨ। ਵਧੀਆ ਨੌਕਰੀ ਉਹ ਕਰਦੇ ਹਨ,ਜਿਨ੍ਹਾਂ ਨੂੰ ਨੌਕਰੀ ਕਰਨ ਦਾ ਢੰਗ ਗਿਆ ਹੈ, ਤੇ ਉਹ ਇਸ ਦੇ ਭਰਪੂਰ ਮਜ਼ੇ ਵੀ ਲੁੱਟਦੇ ਹਨ।ਮੰਦਾ ਬੋਲਣਾ,ਮੁਫਤ ਦਾ ਚੰਗਾ ਖਾਣਾ ਉਨ੍ਹਾਂ ਦੇ ਸੁਭਾਅ ਦਾ ਹਿੱਸਾ ਬਣ ਜਾਂਦਾ ਹੈ।ਉਹ ਆਪਣੇ ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਲਈ ਅਨੈਤਿਕਤਾ ਦੀਆਂ ਹੇਠਲੀਆਂ ਨੀਵਾਣਾਂ ਤੱਕ ਵੀ ਚਲੇ ਜਾਂਦੇ ਹਨ। ਉਹ ਆਪਣੀ ਜ਼ਮੀਰ ਤਾਂ ਕੀ,ਆਪਣੀ ਪਤਨੀ ਤੱਕ ਵੀ ਗਿਰਵੀ ਰੱਖਣ ਤੱਕ ਚਲੇ ਜਾਂਦੇ ਹਨ।

ਅੱਜ ਸਿਆਸੀ ਦਖਲ-ਅੰਦਾਜ਼ੀ ਵੀ ਐਨੀ ਵੱਧ ਗਈ ਹੈ ਕਿ ਕਈ ਸੱਤਾਧਾਰੀ ਸਿਆਸਤਦਾਨ ਅਫਸਰਾਂ ਤੇ ਕਰਮਚਾਰੀਆਂ ਨੂੰ ਆਪਣੇ ਘਰੇਲੂ ਨੌਕਰ ਸਮਝਣ ਲੱਗੇ ਹਨ।ਕਈ ਜਾਗਦੀ ਜ਼ਮੀਰ ਵਾਲੇ ਇਮਾਨਦਾਰ ਅਫਸਰ ਸੱਤਾਧਾਰੀਆਂ ਨੂੰ ਇਥੋਂ ਤੱਕ ਵੀ ਕਹਿ ਚੁੱਕੇ ਹਨ ਕਿ ਅਸੀਂ ਕਿਸੇ ਵੀ ਜ਼ਿਲੇ ਦੇ ਮੁਖੀ ਜਾਂ ਜ਼ਿਲਾ ਪੱਧਰ ਦੇ ਕਿਸੇ ਵੀ ਦਫਤਰ ਵਿੱਚ ਲੱਗਣ ਨਾਲੋਂ ਰਾਜਧਾਨੀ ਵਿੱਚ ਕਿਸੇ ਮਾਮੂਲੀ ਦਫਤਰ ਵਿੱਚ ਬੈਠ ਕੇ ਕੰਮ ਕਰਨ ਨੂੰ ਬਿਹਤਰ ਸਮਝਦੇ ਹਾਂ।ਚਪੜਾਸੀ ਤੋਂ ਲੈ ਕੇ ਮੁੱਖ ਸਕੱਤਰ ਤੱਕ ਸਾਰੇ ਅਹਿਲਕਾਰਾਂ ਤੇ ਕਰਮਚਾਰੀਆਂ ਦੀ ਨਿਯੁਕਤੀ,ਬਦਲੀ ਤੇ ਤਰੱਕੀ ਉਨ੍ਹਾਂ ਦੀ ਸੀਨੀਆਰਤਾ ਜਾਂ ਯੋਗਤਾ ਦੇ ਆਧਾਰ ਉੱਤੇ ਨਹੀਂ ਹੁੰਦੀ, ਸਗੋਂ ਇਲਾਕੇ ਦੇ ਸਿਆਸੀ ਆਗੂ ਤੱਕ ਪਹੁੰਚ ਕਰ ਕੇ ਹੁੰਦੀ ਹੈ।ਛੋਟੇ ਤੋਂ ਛੋਟੇ ਮੁਲਾਜ਼ਮਾਂ ਦੀ ਜ਼ਿਲੇ ਦਾ ਹਲਕੇ ਵਿੱਚ ਤਾਇਨਾਤੀ ਲਈ ਸਿਆਸੀ ਆਗੂ ਅਫਸਰਾਂਤੇ ਦਬਾਅ ਪਾਉਂਦੇ ਹਨ।     

ਖੈਰ,ਗੱਲ ਸਰਕਾਰੀ ਨੌਕਰੀ ਦੇ ਮਜ਼ੇ ਦੀ ਚੱਲ ਰਹੀ ਸੀ। ਮੈਨੂੰ ਮਿਲਣ ਵਾਲੇ ਵੀ ਕਈ ਸੱਜਣ ਨੌਕਰੀ-ਪੇਸ਼ਾ ਹਨ।ਇਨ੍ਹਾਂ ਵਿੱਚੋਂ ਇੱਕ ਬਿਜਲੀ ਬੋਰਡ ਦੇ ਮੁਲਾਜ਼ਮ ਹਨ-ਹੀਰਾ ਲਾਲ।ਆਪਣੇ ਨਾਂਅ ਵਾਂਗ ਉਹ ਮਹਿਕਮੇ ਦਾ ਹੀਰਾ ਹੈ ਅਤੇ ਸ਼ਰਾਬੀ ਦੀਆਂ ਅੱਖਾਂ ਵਾਂਗ ਲਾਲ।ਉਸ ਨੂੰ ਨੌਕਰੀ ਕਰਨ ਦਾ ਢੰਗ ਆਉਂਦਾ ਹੈ। ਉਸ ਨੇ ਪੂਛ-ਹਿਲਾਊ ਆਸਣ ਦੀ ਮਦਦ ਨਾਲ ਆਪਣੇ ਨੇੜੇ ਦੇ ਕਈ ਸੰਬੰਧੀਆਂ ਨੂੰ ਭਲਿਆਂ ਵੇਲਿਆਂ ਵਿੱਚ ਅਫਸਰਾਂ ਦੀ ਚਮਚਾਗਿਰੀ ਕਰ ਕੇ ਮਹਿਕਮੇ ਵਿੱਚ ਭਰਤੀ ਕਰਵਾ ਲਿਆ ਸੀ।ਖੁਦ ਹੀਰਾ ਲਾਲ ਨੂੰ ਵੀ ਉਸ ਦੇ ਇੱਕ ਦੂਰ ਰਿਸ਼ਤੇਦਾਰ,ਜੋ ਮਹਿਕਮੇ ਵਿੱਚ ਐਸ ਡੀ ਐਮ,ਨੇ ਮਹਿਕਮੇ ਵਿੱਚ ਕੱਚਾ ਚਿਪਕਾਇਆ ਤੇ ਹੌਲੀ-ਹੌਲੀ ਸਮੇਂ ਨਾਲ ਉਹ ਮਹਿਕਮੇ ਨਾਲ ਪੱਕੀ ਤਰ੍ਹਾਂ ਚਿਪਕ ਗਿਆ।

ਸਰਕਾਰੀ ਕਰਮਚਾਰੀ ਦੀ ਇਹ ਫਿਤਰਤ ਹੁੰਦੀ ਹੈ ਕਿ ਉਹ ਪੱਕਾ ਹੁੰਦੇ ਸਾਰ ਹੀ ਆਪਣੇ ਆਪ ਨੂੰ ਸਰਕਾਰ ਦਾ ਪੁੱਤਰ ਨਹੀਂ,ਸਗੋਂ ਜਵਾਈ ਸਮਝਣ ਲੱਗ ਪੈਂਦਾ ਹੈ।ਹਰ ਵਕਤ ਜੀ-ਜੀ ਕਰਨ ਵਾਲੇ ਹੀਰਾ ਲਾਲ ਨੇ ਵੀ ਪੱਕਿਆਂ ਹੁੰਦਿਆਂ ਸਾਰ ਆਪਣਾ ਪੈਂਤੜਾ ਬਦਲਿਆ ਤੇ ਆਪਣੇ ਅੰਦਾਜ਼ ਨਾਲ ਨੌਕਰੀ ਕਰਨ ਲੱਗਾ। ਸਭ ਤੋਂ ਪਹਿਲਾਂ ਤਾਂ ਉਸ ਨੇ ਇੱਕ ਫਾਰਮ ਭਰਿਆ ਤੇ ਯੂਨੀਅਨ ਦਾ ਮੈਂਬਰ ਬਣ ਗਿਆ।ਇੱਕ ਦਿਨ ਦਫਤਰ ਵਿੱਚ ਪੀਣ ਵਾਲੇ ਪਾਣੀ ਦੀ ਹਾਲਤ ਠੀਕ ਨਾ ਹੋਣ ਕਾਰਨ ਅਫਸਰ ਦਾ ਘਿਰਾਓ ਕਰ ਦਿੱਤਾ ਅਤੇ ਤੇਜ਼ ਗਰਮੀ ਦਾ ਹਵਾਲਾ ਦੇ ਕੇ ਉਸ ਨੂੰ ਕਈ ਪ੍ਰਕਾਰ ਦੇ ਬੋਲਾਂ-ਕੁਬੋਲਾਂ ਨਾਲ ਮਾਲਾ-ਮਾਲ ਕਰ ਦਿੱਤਾ।

ਉਸੇ ਦਿਨ ਤੋਂ ਹੀਰਾ ਲਾਲ ਦਾ ਡੰਕਾ ਚੱਲ ਗਿਆ।ਹੁਣ ਉਹ ਹਰ ਰੋਜ਼ 9 ਵਜੇ ਦੀ ਬਜਾਏ ਗਿਆਰਾਂ ਵਜੇ ਤੋਂ ਪਹਿਲਾਂ ਦਫਤਰ ਵਿੱਚ ਪੈਰ ਨਹੀਂ ਪਾਉਂਦਾ। ਆਉਂਦੇ ਸਾਰ ਹੀ ਹਾਜ਼ਰੀ ਰਜਿਸਟਰ ਵਿੱਚ ਦਸਤਖਤ ਕਰ ਕੇ ਐਲਾਨ ਕਰ ਦਿੰਦਾ ਹੈ ਕਿ ਅੱਜ ਦੀ ਦਿਹਾੜੀ ਪੈ ਗਈ।ਫਿਰ ਚਾਹ ਪੀਣ ਲਈ ਬਾਹਰਲੀ ਟੱਕਸ਼ਾਪਤੇ ਚਲਾ ਜਾਂਦਾ ਹੈ।ਤਰੋਤਾਜ਼ਾ ਹੋ ਕੇ ਜਦੋਂ ਵਾਪਸ ਆਉਂਦਾ ਹੈ ਤਾਂ ਆਪਣੇ ਸਹਿਕਰਮੀਆਂ ਨਾਲ ਹਾਸਾ-ਮਜ਼ਾਕ ਤੇ ਚੁਟਕਲੇਬਾਜ਼ੀ ਸ਼ੁਰੂ ਕਰ ਦਿੰਦਾ ਹੈ। ਆਪ ਤਾਂ ਉਸ ਨੇ ਕੁਝ ਕਰਨਾ ਨਹੀਂ ਹੁੰਦਾ,ਜਿਹੜਾ ਬਾਕੀ ਥੋੜ੍ਹਾ-ਬਹੁਤ ਕੰਮ ਕਰਦੇ ਹਨ, ਉਨ੍ਹਾਂ ਦਾ ਵੀ ਉਹ ਕੰਮ ਬੰਦ ਕਰਵਾ ਦਿੰਦਾ ਹੈ।ਐਨੇ ਵਿੱਚ ਦੁਪਹਿਰ ਦੇ ਖਾਣੇ ਦਾ ਸਮਾਂ ਹੋ ਜਾਂਦਾ ਹੈ।ਦੁਪਹਿਰ ਦੇ ਖਾਣੇ ਤੋਂ ਬਾਅਦ ਉਹ ਵੱਡੇ ਅਫਸਰਾਂ ਨੂੰ ਮਿਲਣ ਦਾ ਬਹਾਨਾ ਕਰ ਕੇ ਖਿਸਕ ਜਾਂਦਾ ਹੈ ਅਤੇ ਇੱਕ ਬਾਣੀਏ ਦੀ ਦੁਕਾਨਤੇ ਬੈਠ ਕੇ ਉਸ ਦਾ ਵਹੀ-ਖਾਤਾ ਮੁਕੰਮਲ ਕਰਦਾ ਹੈ।ਸ਼ਾਮ ਨੂੰ ਸਾਢੇ ਚਾਰ ਵਜੇ ਫਿਰ ਦਫਤਰ ਟਪਕਦਾ ਹੈ।ਆਣ ਕੇ ਉਹ ਚਾਹ ਪੀਂਦਾ ਹੈ ਤੇ ਸ਼ਾਮ ਦੇ 7 ਵਜੇ ਤੱਕ ਤਾਸ਼ ਕੁੱਟਦਾ ਹੈ।    

ਅਜਿਹੀ ਮੁਸ਼ਕਲ ਭਰੀ ਨੌਕਰੀ ਕਰਦੇ-ਕਰਦੇ ਉਸ ਨੂੰ 35 ਸਾਲ ਬੀਤ ਗਏ ਅਤੇ ਆਖਰ ਉਹ ਦਿਨ ਗਿਆ,ਜੋ ਹਰ ਕਰਮਚਾਰੀ,ਚਾਹੇ ਉਹ ਅਫਸਰ ਹੈ ਜਾਂ ਮਾਤਹਿਤ,’ਤੇ ਆਉਂਦਾ ਹੈ-ਯਾਨੀ ਸੇਵਾ ਮੁਕਤ ਹੋਣ ਦਾ ਸਮਾਂ।ਸੇਵਾ ਮੁਕਤ ਤੋਂ ਛੇ ਮਹੀਨੇ ਪਹਿਲਾਂ ਹੀ ਹੀਰਾ ਲਾਲ ਦੀ ਜੀਵਨ ਤੇ ਕਾਰਜਸ਼ੈਲੀ ਵਿੱਚ ਇਕਦਮ ਕ੍ਰਿਸ਼ਮਈ ਬਦਲਾਉ ਗਿਆ।ਉਹ(ਹੀਰਾ ਲਾਲ)ਪੂਰੀ ਦਿਲਚਸਪੀ ਤੇ ਜੀ ਜਾਨ ਨਾਲ ਪੈਂਤੀ ਸਾਲਾਂ ਵਿੱਚ ਨਾ ਕੀਤੇ ਕੰਮ ਵੀ ਕਰਨ ਲੱਗਾ।ਅਫਸਰ ਤੇ ਸਹਿਕਰਮੀ ਹੀਰਾ ਲਾਲ ਦੀ ਕਾਰਜਸ਼ੈਲੀ ਵਿੱਚ ਆਏ ਬਦਲਾਉ ਕਾਰਨ ਬੜੇ ਹੈਰਾਨ ਹੁੰਦੇ ਤੇ ਆਪਸ ਵਿੱਚ ਘੁਸਰ-ਮੁਸਰ ਕਰਦੇ ਰਹਿੰਦੇ।ਇੱਕ ਸਹਿ-ਕਰਮੀ ਨੇ ਤਾਂ ਇੱਕ ਦਿਨ ਵਿਅੰਗ ਕੱਸਦਿਆਂ ਹੀਰਾ ਲਾਲ ਨੂੰ ਸੁਣਾਉਂਦਿਆਂ ਕਹਿ ਵੀ ਦਿੱਤਾ ਨੌ ਸੌ ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ।ਉਸ ਦੇ ਯਾਰ-ਦੋਸਤ ਵੀ ਹੈਰਾਨ ਸਨ।ਆਖਰ ਇੱਕ ਪੁਰਾਣੇ ਸਾਥੀ ਨੇ ਪੁੱਛ ਹੀ ਲਿਆ,ਹੀਰਾ ਲਾਲ,ਇਹ ਸਭ ਕੀ ਹੈ?ਹੀਰਾ ਲਾਲ ਬੈਠਵੀਂ ਆਵਾਜ਼ ਵਿੱਚ ਕਹਿਣ ਲੱਗਾ,ਮਿੱਤਰਾ,ਇਹ ਸੋਚ ਕੇ ਰੂਹ ਕੰਬਦੀ ਬਈ ਸੇਵਾ-ਮੁਕਤੀ ਤੋਂ ਬਾਅਦ ਵਕਤ ਕਿਵੇਂ ਲੰਘੇਗਾ।ਸਰਕਾਰੀ ਨੌਕਰੀ ਵਰਗਾ ਨਜ਼ਾਰਾ ਨਹੀਂ।ਮੈਂ ਚਾਹੁੰਦਾ ਹਾਂ ਕਿ ਰਿਟਾਇਰ ਹੋਣ ਤੋਂ ਬਾਅਦ ਅਫਸਰ ਮੇਰੀ ਕਾਰਗੁਜ਼ਾਰੀ ਵੇਖਦੇ ਹੋਏ ਸ਼ਾਇਦ ਕੰਟਰੈਕਟਤੇ ਹੀ ਰੱਖ ਲੈਣ। ਸਮਝੇ।