ਪਰਵਾਸੀ ਲੇਖਕ ਗਿਆਨੀ ਸੰਤੋਖ ਸਿੰਘ ਲਿਖਤ ਜੋ ਵੇਖਿਆ ਸੋ ਆਖਿਆ

ਪ੍ਰਕਾਸ਼ਕ: ਅੰਕੁਰ ਪ੍ਰੈਸ, ਸਮਾਧ ਰੋਡ, ਬਟਾਲਾ
‘ਜੋ ਵੇਖਿਆ ਸੋ ਆਖਿਆ’ ਗਿਆਨੀ ਸੰਤੋਖ ਸਿੰਘ ਦਾ ਪੰਜਵਾਂ ਲੇਖ ਸੰਗ੍ਰਹਿ ਹੈ। ਇਸ ਵਿਚ ਵੱਖ ਵੱਖ ਵਿਸ਼ਿਆਂ ਨਾਲ਼ ਸਬੰਧਤ 19 ਲੇਖ ਸ਼ਾਮਲ ਕੀਤੇ ਗਏ ਹਨ। ਇਹਨਾਂ ਲੇਖਾਂ ਦੇ ਵਿਸ਼ੇ ਆਲੋਚਨਾਤਮਿਕ, ਸਭਿਆਚਾਰਕ, ਸਾਹਿਤਕ, ਰਾਜਨੀਤਕ, ਅਤੇ ਧਾਰਮਿਕ ਹਨ। ਇਹਨਾਂ ਵਿਚੋਂ ਬਹੁਤੀਆਂ ਘਟਨਾਵਾਂ ਖ਼ੁਦ ਲੇਖਕ ਨਾਲ਼ ਵਾਪਰੀਆਂ ਹਨ।
ਲੋਕਧਾਰਾ ਅਤੇ ਸਭਿਆਚਾਰ ਦੇ ਸੰਧਰਬ ਵਿਚ: ਘੜਾ ਘੜਵੰਜੀ ਤੇ, ਭੁੱਲ ਕੇ ਛੜੇ ਨੂੰ ਅੱਖ ਮਾਰੀ, ਵੱਡੇ ਬੰਦਿਆਂ ਦੀਆਂ ਵਚਿਤਰ ਬਾਤਾਂ ਆਦਿ ਲੇਖਾਂ ਨੂੰ, ਲੇਖਕ ਨੇ ਆਲੋਚਨਾਤਮਿਕ ਦ੍ਰਿਸ਼ਟੀ ਤੋਂ ਸਿਰਜਿਆ ਹੈ। ਇਹਨਾਂ ਲੇਖਾਂ ਵਿਚ ਲੇਖਕ ਨੇ ਢੁਕਵੀਆਂ ਮਿਸਾਲਾਂ ਦੇ ਕੇ ਵਿਸ਼ੇ ਨੂੰ ਖੂਬਸੂਰਤ ਤੇ ਰੌਚਕ ਬਣਾਇਆ ਹੈ। ਮੁਹਾਵਰੇ, ਅਖਾਣ ਲੋਕੋਕਤੀਆਂ ਤੇ ਬਾਤਾਂ ਤੋਂ ਇਲਾਵਾ ਲੋਕਗੀਤਾਂ ਦੇ ਹਵਾਲੇ ਵਿਸ਼ੇ ਦੀ ਪ੍ਰਮਾਣਿਕਤਾ ਦਾ ਸਬੂਤ ਹਨ। ਘੜਾ ਘੜਵੰਜੀ ਤੇ ਲੇਖ ਵਿਚ ਬਹੁਤ ਸਾਰੇ ਲੋਕਗੀਤ ਸ਼ਾਮਲ ਕੀਤੇ ਗਏ ਹਨ:
    1.    ਕੋਰੀ ਕੋਰੀ ਕੂੰਡੀ ਵਿਚ ਮਿਰਚਾਂ ਮੈਂ ਰਗੜਾਂ
        ਸਹੁਰੇ ਦੀ ਅੱਖ ਵਿਚ ਪਾ ਦੇਨੀਆਂ
        ਘੁੰਡ ਕੱਢਣੇ ਦੀ ਅਲਖ ਮੁਕਾ ਦੇਨੀਆਂ।
    2.    ਬੁੜ੍ਹੀ ਨੂੰ ਭੌਂਕਣ ਦੇ, ਮੇਲਾ ਵੇਖਣ ਚੱਲ।
        ਪੁਆੜਾ ਪੈ ਜੂ ਗਾ ਬੁੜ੍ਹਾ ਬੁੜ੍ਹੀ ਦੇ ਵੱਲ।
ਲਿਖਤ ਦੀ ਖੂਬਸੂਰਤੀ ਇਹ ਵੀ ਹੈ ਕਿ ਕਈ ਵਾਰ ਲੇਖਕ ਲੇਖ ਦਾ ਆਰੰਭ ਹੀ ਕਿਸੇ ਲੋਕਗੀਤ ਤੋਂ ਕਰਦਾ ਹੈ। ਇਸ ਦੇ ਨਾਲ ਨਾਲ ਸ਼ੁਰੂ ਵਿਚ ਹੀ ਪਾਠਕ ਦੇ ਮਨ ਵਿਚ ਉਤਸੁਕਤਾ ਪੈਦਾ ਹੋ ਜਾਂਦੀ ਹੈ। ‘ਭੁੱਲ ਕੇ ਛੜੇ ਨੂੰ ਅੱਖ ਮਾਰੀ’ ਲੇਖ ਦਾ ਆਰੰਭ ਵੀ ਏਸੇ ਤਰ੍ਹਾਂ ਕੀਤਾ ਗਿਆ ਹੈ:
        ਛੜੇ ਛੜੇ ਨਾ ਆਖੋ ਲੋਕੋ ਛੜੇ ਵਖ਼ਤ ਨੂੰ ਫੜੇ
        ਅੱਧੀ ਰਾਤੋਂ ਪੀਹਣ ਲਗੇ ਅੱਧ ਸੇਰ ਛੋਲੇ ਦਲੇ
        ਝਾੜ ਪੂੰਝ ਕੇ ਉਠਣ ਲਗੇ ਆਟਾ ਦੇਹ ਨੂੰ ਲੜੇ
        ਫੂਕ ਮਾਰਿਆਂ ਅੱਗ ਨਾ ਬਲਦੀ ਭੜ ਭੜ ਦਾਹੜੀ ਸੜੇ
        ਸਾੜ ਫੂਕ ਕੇ ਚਾਰੇ ਪੱਕੀਆਂ ਚਾਰ ਪ੍ਰਾਹੁਣੇ ਖੜੇ
        ਲਉ ਭਰਾਉ ਤੁਸੀਂ ਖਾ ਲਉ ਇਹੋ ਅਸਾਥੋਂ ਸਰੇ
        ਬਾਝੋਂ ਤੀਵੀਆਂ ਦੇ ਛੜੇ ਮਰੇ ਕਿ ਮਰੇ
    ਵੱਡੇ ਬੰਦਿਆਂ ਦੀਆਂ ਵਚਿਤਰ ਬਾਤਾਂ ਲੇਖ ਵਿਚ ਗਿਆਨੀ ਸੰਤੋਖ ਸਿੰਘ ਨੇ ਕੁਝ ਵਚਿੱਤਰ ਰਾਜਨੀਤਕ ਇਤਿਹਾਸਕ ਰੌਚਕ ਤੱਥਾਂ ਦੀ ਪੇਸ਼ਕਾਰੀ ਕੀਤੀ ਹੈ। ਮਿਸਾਲ ਵਜੋਂ:
1.    ਇਕ ਵਾਰੀ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਚੰਡੀਗੜ੍ਹ ਆਏ ਤਾਂ ਉਸ ਸਮੇਂ ਦੇ ਮੁਖ ਮੰਤਰੀ ਸ. ਪ੍ਰਤਾਪ ਸਿੰਘ ਕੈਰੋਂ ਨੇ ਉਹਨਾਂ ਦੀ ਸਵਾਗਤੀ ਸਪੀਚ ਵਿਚ ਆਖ ਦਿੱਤਾ ਕਿ ਚੰਡੀਗੜ੍ਹ ਪੰਜਾਬ ਦਾ ਦਿਲ ਹੈ। ਉਤਰ ਵਿਚ ਨਹਿਰੂ ਜੀ ਨੇ ਆਪਣੇ ਭਾਸ਼ਣ ਵਿਚ ਆਖਿਆ, “ਵਾਕਿਆ ਹੀ ਚੰਡੀਗੜ੍ਹ ਪੰਜਾਬ ਦਾ ਦਿਲ ਹੈ ਕਿਉਂਕਿ ਦਿਮਾਗ ਤੋ ਪੰਜਾਬੀਉਂ ਕਾ ਹੋਤਾ ਹੀ ਨਹੀਂ।”
2.    ਪੰਜਾਬੀ ਸੂਬੇ ਦਾ ਐਲਾਨ ਹੋ ਜਾਣ ਪਿਛੋਂ ਹਰਿਆਣਾ ਦੇ ਆਗੂ ਚੌਧਰੀ ਦੇਵੀ ਲਾਲ ਜੀ, ਅਕਾਲੀ ਆਗੂ ਸੰਤ ਫ਼ਤਿਹ ਸਿੰਘ ਜੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮਿਲ਼ਨ ਵਾਸਤੇ ਆਏ ਤਾਂ ਗੱਲਬਾਤ ਵਿਚ ਆਪਣੀ ਪੇਂਡੂ ਬੋਲੀ ਵਿਚ ਆਖਣ ਲੱਗੇ, “ਹਰਿਆਣਾ ਤਾਂ ਪੰਜਾਬੀ ਸੂਬੇ ਨਾਲ ਇਸ ਤਰ੍ਹਾਂ ਬਣ ਗਿਆ ਹੈ ਜਿਵੇਂ ਕੋਈ ਆਦਮੀ ਟੱਟੀ ਫਿਰਨ ਜਾਵੇ ਤਾਂ ਪਿਸ਼ਾਬ ਆਪਣੇ ਆਪ ਹੀ ਆ ਜਾਂਦਾ ਹੈ।”
ਪੰਜਾਬੀ ਭਾਸ਼ਾ ਨਾਲ਼ ਸਬੰਧਤ ਤਿੰਨ ਲੇਖ: ਪੰਜਾਬੀ ਸ਼ਬਦ ਜੋੜਾਂ ਦੀ ਸਰਲਤਾ ਤੇ ਸਮਾਨਤਾ, ਅੱਧਕ ਵਿਚਾਰਾ ਕੀ ਕਰੇ, ਜੱਜੇ ਦੀਆਂ ਲੱਤਾਂ ਵਿਚ ਆ ਘੁਸੀ ਬੇਲੋੜੀ ਬਿੰਦੀ ਇਸ ਪੁਸਤਕ ਵਿਚ ਸ਼ਾਮਲ ਹਨ। ਪੰਜਾਬੀ ਸ਼ਬਦ ਜੋੜਾਂ ਦੀ ਸਰਲਤਾ ਤੇ ਸਮਾਨਤਾ ਦੇ ਸੰਦਰਭ ਵਿਚ ਲੇਖਕ ਕਹਿੰਦਾ ਹੈ:ਮੈਂ ਤਾਂ ਇਸ ਹੱਕ ਵਿਚ ਹਾਂ ਕਿ ਜਿਹੜੀ ਨਵੀਂ ਵਸਤੂ ਦਾ, ਜਿਸ ਨੇ ਈਜਾਦ ਕਰਨ ਵੇਲੇ ਜੋ ਨਾਂ ਰੱਖਿਆ ਉਸ ਨੂੰ ਤਰਜਮਾਉਣ ਵਿਚ ਉਚੇਚੀ ਸਿਰ ਖਪਾਈ ਕਰਨ ਨਾਲ਼ੋਂ ਉਸ ਨੂੰ ਜਿਉਂ ਦਾ ਤਿਉਂ ਪੰਜਾਬੀ ਅੱਖਰਾਂ ਵਿਚ ਲਿਖ ਕੇ ਅਪਣਾ ਲੈਣਾ ਚਾਹੀਦਾ ਹੈ। ਟੈਲੀਫੋਨ ਦਾ ਦੂਰਭਾਸ਼, ਟੈਲੀਵਿਯਨ ਦਾ ਦੂਰਦਰਸ਼ਨ, ਰੇਡੀਓ ਦਾ ਆਕਾਸ਼ਵਾਣੀ, ਟ੍ਰੈਕਟਰ ਦਾ ਭੂਮੀਖੋਦ ਯੰਤਰ ਬਣਾ ਕੇ ਅਸੀਂ ਕੀ ਕੱਦੁੂ ਵਿਚ ਤੀਰ ਮਾਰ ਰਹੇ ਹਾਂ; ਇਹ ਮੇਰੀ ਸਮਝ ਤੋਂ ਬਾਹਰੀ ਬਾਤ ਹੈ।ਏਸੇ ਤਰ੍ਹਾਂ ਇਸ ਕਿਤਾਬ ਵਿਚ ਲੇਖਕ ਵੱਲੋਂ ਪੰਜਾਬੀ ਭਾਸ਼ਾ ਨਾਲ ਸਬੰਧਤ ਸ਼ਬਦ ਜੋੜਾਂ ਦੀਆਂ ਗ਼ਲਤੀਆਂ ਦੀ ਨਿਸ਼ਾਨਦੇਹੀ ਵੀ ਕੀਤੀ ਗਈ ਹੈ।ਇਸ ਦੇ ਨਾਲ਼ ਧਾਰਮਿਕ, ਇਤਿਹਾਸਕ ਅਤੇ ਰਾਜਨੀਤੀ ਨੂੰ ਪੇਸ਼ ਕਰਨ ਵਾਲ਼ੇ: ਯਾਰ ਜਾਰ ਜ਼ਾਰ, ਸਾਧੂ ਬੋਲੇ ਸਹਿਜ ਸੁਭਾਇ, ਭੇਡਾਂ ਵਿਚੋਂ ਊਠ ਦੀ ਪਛਾਣ, ਸੱਚੇ ਚੁਟਕਲੇ, ਅਨਪੜ੍ਹ ਸਿੰਘਾ, ਦੋ ਅਕਾਲੀ ਵਿਦਵਾਨਾਂ ਦਾ ਮਿਲਾਪ, ਪੰਜ ਸਿੱਖਾਂ ਦਾ ਸਨਮਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਮਿਨੀ ਸਿੱਖ ਪਾਰਲੀਮੈਂਟ?, ਸਿੱਖ ਆਗੂਆਂ ਦੀਆਂ ਅਸਚਰਜ ਬੇਪਰਵਾਹੀਆਂ ਆਦਿ ਲੇਖ ਇਸ ਪੁਸਤਕ ਵਿਚ ਸ਼ਾਮਲ ਹਨ।ਗਿਆਨੀ ਸੰਤੋਖ ਸਿੰਘ ਨੇ ਇਹਨਾਂ ਘਟਨਾਵਾਂ ਨੂੰ ਬੜਾ ਨੇੜਿਉਂ ਵੇਖਿਆ ਹੈ ਤੇ ਬਿਲਕੁਲ ਓਸੇ ਤਰ੍ਹਾਂ ਹੀ ਬਿਆਨ ਕਰ ਦਿੱਤਾ ਹੈ। ਸ਼ਾਇਦ ਏਸੇ ਕਰਕੇ ਹੀ ਇਸ ਪੁਸਤਕ ਦਾ ਨਾਂ ‘ਜੋ ਵੇਖਿਆ ਸੋ ਆਖਿਆ’ ਰੱਖਿਆ ਗਿਆ ਹੈ। ਲੇਖਾਂ ਦੀ ਖ਼ੂਬਸੂਰਤੀ ਇਹ ਹੈ ਕਿ ਲੇਖਕ ਨੇ ਘਟਨਾਵਾਂ ਦੇ ਨਾਲ਼ ਨਾਲ਼ ਤਾਰੀਖਾਂ, ਨਾਂਵਾਂ ਤੇ ਥਾਂਵਾਂ ਨੂੰ ਵੀ ਪੇਸ਼ ਕੀਤਾ ਹੈ ਜੋ ਘਟਨਾਵਾਂ ਦੀ ਇਤਿਹਾਸਕ ਪ੍ਰਮਾਣਿਤਾ ਦਾ ਪੱਖ ਪੂਰਦੇ ਹਨ।
ਕੁੱਲ ਮਿਲਾ ਕੇ ਇਹ ਪੁਸਤਕ ਪੰਜਾਬੀ ਵਾਰਤਕ ਸਾਹਿਤ ਵਿਚ ਇਕ ਇਤਿਹਾਸਕ ਦਸਤਾਵੇਜ਼ ਵਜੋਂ ਸਾਂਭ ਕੇ ਰੱਖਣ ਦੇ ਯੋਗ ਹੈ।
ਆਤਮਾ ਸਿੰਘ ਗਿੱਲ
ਪੰਜਾਬੀ ਲੈਕਚਰਾਰ
ਡੀ. ਏ. ਵੀ ਕਾਲਜ, ਅੰਮ੍ਰਿਤਸਰ