ਬਰਫ ਤੇ ਸ਼ੀਸ਼ਾ- ਸੁਖਚੈਨ ਸਿੰਘ ਭੰਡਾਰੀ

ਖਬਰਦਾਰ....... ਜਾਗਦੇ ਰਹਿਣਾ।.ਰਾਤ ਦੇ ਦੋ ਵਜ ਰਹੇ ਹਨ।ਸੜਕ ਦਾ ਚੌਕੀਦਾਰ ਅੱਗੇ ਨਿਕਲ ਗਿਆ ਹੈ।ਮੈਂ ਜਾਗ ਰਿਹਾ ਹਾਂ। ਉਂਜ ਤਾਂ ਬਿਸਤਰੇ ’ਤੇ ਦਸ ਵਜੇ ਹੀ ਲੇਟ ਗਿਆ ਸਾਂ ਫਿਰ ਵੀ ਨੀਂਦ ਅਜੇ ਤੱਕ ਨਹੀਂ ਆਈ।ਲੱਖ ਚਾਹਿਆ ਕਿ ਸੌਂ ਜਾਵਾਂ,ਪਰ ਬੱਸ ਕਰਵਟਾਂ ਹੀ ਕਰਵਟਾਂ।ਦੂਰ ਜੇਲ੍ਹ ਦੇ ਘੰਟੇ ਨੇ ਦੋ ਵੱਜਣ ਦਾ ਖਿਆਲ ਕਰਾ ਦਿੱਤਾ ਹੈ।ਇਸ ਘੰਟੇ ਦੀ ਆਵਾਜ਼ ਜੀਕਣ ਪਾਰਾ ਬਣ ਮੇਰੀ ਰੂਹ ਵਿੱਚ ਸਮਾ ਗਈ ਹੋਵੇ ਅਤੇ ਬੱਸ ਰੜਕਾਂ ਹੀ ਰੜਕਾਂ।

ਅੱਜ ਮੈਨੂੰ ਸ਼ਿਮਲਾ ਆਇਆਂ ਹੋਇਆਂ ਦਸ ਦਿਨ ਹੋ ਗਏ ਹਨ।ਸਾਰਾ ਦਿਨ ਇਧਰ-ਉਧਰ ਘੁੰਮਣ ਤੋਂ ਬਾਅਦ,ਹੋਟਲ ਦੇ ਕਮਰੇ ਵਿੱਚ ਮੁੜ ਆਇਆ ਸਾਂ।ਹੱਥ-ਮੂੰਹ ਧੋ ਕੇ ਬੈਰੇ ਨੂੰ ਖਾਣਾ ਲਿਆਉਣ ਲਈ ਕਹਿ ਦਿੱਤਾ ਸੀ।ਖਾਣਾ ਖਾ ਕੇ ਸ਼ੈਕਸਪੀਅਰ ਦਾ ਨਾਟਕ ਮੈਕਬਥ ਪੜ੍ਹਨ ਬੈਠ ਗਿਆ ਸੀ।ਰਾਤ ਨੇ ਦਸ ਵਜਾਏ।ਬੜੇ ਆਰਾਮ ਨਾਲ ਮੈਂ ਬਿਸਤਰ ’ਤੇ ਲੇਟ ਗਿਆ ਹਾਂ।ਸਾਹਮਣੇ ਦੀਵਾਰ ਉਤੇ ਆਦਮ-ਕੱਦ ਸ਼ੀਸ਼ਾ ਹੈ। ਪਤਾ ਨਹੀਂ ਕਿੰਨੇ ਹੀ ਟੂਰਿਸਟ ਮੇਰੇ ਵਾਂਗ ਇਸ ਸ਼ੀਸ਼ੇ ਵਿੱਚ ਪ੍ਰਤੀਬਿੰਬਿਤ ਹੋ ਚੁੱਕੇ ਜਾਣਗੇ।

ਮੈਂ ਸ਼ੀਸ਼ੇ ਨੂੰ ਗੌਰ ਨਾਲ ਵੇਖਦਾ ਹਾਂ।ਮੈਨੂੰ ਉਸ ਵਿੱਚੋਂ ਕਈ ਰੂਪ ਉਭਰਦੇ ਮਹਿਸੂਸ ਹੁੰਦੇ ਹਨ।ਮੈਂ ਉਨ੍ਹਾਂ ਉਭਰਦੀਆਂ ਆਕ੍ਰਿਤੀਆਂ ਨੂੰ ਵੇਖਣ ਲੱਗਦਾ ਹਾਂ.....

ਅਚਾਨਕ ਲੱਗਦਾ ਹੈ ਜਿਵੇਂ ਇਹ ਰੂਪ ਆਕ੍ਰਿਤੀਆਂ ਸ਼ੀਸ਼ੇ ’ਚੋਂ ਬਾਹਰ ਆਉਣ ਲਈ ਛਟਪਟਾ ਰਹੀਆਂ ਹੋਣ।ਮੇਰਾ ਸਿਰ ਗਰਮਾ ਜਾਂਦਾ ਹੈ।ਮੈਂ ਤੇਜ਼ੀ ਨਾਲ ਬਿਸਤਰੇ ’ਤੇ ਪਈ ਸਫੈਦ ਚਾਦਰ ਨਾਲ ਆਪਣੇ ਆਪ ਨੂੰ ਢਕ ਲੈਂਦਾ ਹਾਂ।ਮੇਰਾ ਮੱਥਾ ਪਸੀਨੇ ਨਾਲ ਸਰਾਬੋਰ ਹੋ ਜਾਂਦਾ ਹੈ।ਦਿਲ ਦੀ ਧੜਕਣ ਵਧ ਜਾਂਦੀ ਹੈ।ਫਿਰ ਪਤਾ ਨਹੀਂ ਕੀ ਹੁੰਦਾ ਹੈ ਕਿ ਮੈਂ ਚਾਦਰ ਨੂੰ ਲਾਹ ਕੇ ਹੇਠਾਂ ਸੁੱਟ ਦਿੰਦਾ ਹਾਂ।ਤੇਜ਼ੀ ਨਾਲ ਉੱਠ ਕੇ ਕਮਰੇ ਵਿੱਚ ਲੱਗੇ ਸੀਲਿੰਗ ਫੈਲ ਨੂੰ ਫੁਲ ਸਪੀਡ ’ਤੇ ਖੋਲ੍ਹ ਦਿੰਦਾ ਹਾਂ।ਜਦੋਂ ਇਸ ਨਾਲ ਵੀ ਮਨ ਸ਼ਾਂਤ ਨਾ ਹੋਇਆ ਤਾਂ ਕਮਰੇ ਦੇ ਬਗਲ ਵਾਲੀ ਖਿੜਕੀ ਖੋਲ੍ਹ ਦਿੱਤੀ।ਖਿੜਕੀ ਦੇ ਖੁੱਲ੍ਹਦੇ ਹੀ ਦੂਰ ਪਹਾੜਾਂ ’ਤੇ ਚੰਨ ਟਿਮਟਿਮਾਉਂਦਾ ਨਜ਼ਰ ਆਉਂਦਾ ਹੈ।ਸ਼ਿਮਲਾ ਵਾਦੀ ਦੇ ਚੰਨ ਦੀ ਰੋਸ਼ਨੀ ਜਿਵੇਂ ਕਿਸੇ ਹਨੇਰੀ ਘਾਟੀ ਦੀ ਗਹਿਰਾਈ ਵਿੱਚ ਭਟਕੀ ਹੋਈ ਪਰੀ ਦੀ ਤਰ੍ਹਾਂ ਗੁੰਮ ਹੋ ਜਾਣਾ ਚਾਹੁੰਦੀ ਹੋਵੇ।ਮੈਂ ਸਾਰਾ ਕੁਝ ਭੁੱਲ ਕੇ,ਉਸ ਪਰੀ ਨੂੰ ਆਪਣੀਆਂ ਨਜ਼ਰਾਂ ਨਾਲ ਪਕੜਨਾ ਚਾਹੁੰਦਾ ਹਾਂ ਅਤੇ ਜਿਵੇਂ ਉਹ ਸੱਚਮੁੱਚ ਮੇਰੀਆਂ ਅੱਖਾਂ ਵਿੱਚ ਉਤਰ ਆਈ ਹੋਵੇ।ਮੈਂ ਉਸ ਦੀ ਠੰਡੀ ਛੋਹ ਨਾਲ ਆਪਣੀਆਂ ਅੱਖਾਂ ਬੰਦ ਕਰ ਲੈਂਦਾ ਹਾਂ ਅਚਾਨਕ ਉਨ੍ਹਾਂ ਬੰਦ ਅੱਖਾਂ ’ਚ ਉਹ ਪਰੀ,ਮੋਨਾ ਦੀ ਸ਼ਕਲ ਵਿੱਚ ਬਦਲ ਕੇ ਹੌਲੀ-ਹੌਲੀ ਕਦਮ ਰੱਖਦੀ ਚਲੀ ਆਈ ਹੈ।ਮੈਂ ਘਬਰਾ ਕੇ ਅੱਖਾਂ ਖੋਲ੍ਹ ਦਿੰਦਾ ਹਾਂ।

ਮੈਂ ਜਾਣਦਾ ਹਾਂ,ਮੇਰੇ ਇਨ੍ਹਾਂ ਪੈਂਤੀ ਵਰ੍ਹਿਆਂ ਦੀ ਜ਼ਿੰਦਗੀ ਵਿੱਚ ਇਹ ਮਹੀਨਾ ਬਹੁਤ ਜ਼ਿਆਦਾ ਮੇਰੀਆਂ ਆਸ਼ਾਵਾਂ ਦੇ ਮਹਿਲਾਂ ਨੂੰ ਢਾਹੁਣ ਵਾਲਾ ਗੁਜ਼ਰਿਆ ਹੈ ਅਤੇ ਮੈਂ ਉਨ੍ਹਾਂ ਮਹਿਲਾਂ ਦੇ ਖੰਡਰਾਂ ਹੇਠ ਹੁਣ ਤੱਕ ਦੱਬਿਆ ਪਿਆ ਹਾਂ।ਆਵਾਜ਼ ਦੇ ਕੇ ਕਿਸੇ ਨੂੰ ਮਦਦ ਲਈ ਬੁਲਾਉਣਾ ਚਾਹੁੰਦਾ ਹਾਂ,ਪਰ ਜਿਵੇਂ ਗਲੇ ਵਿੱਚ ਕੰਡੇ ਚੁਭ ਗਏ ਹੋਣ।ਜਿੰਨੀ ਕਦੇ ਕਲਪਨਾ ਅਤੇ ਉਮੀਦ ਕੀਤੀ ਸੀ,ਜੋ ਕੁਝ ਖਾਹਿਸ਼ਾਂ ਦੇ ਸੁਪਨੇ ਬਣੇ ਸਨ,ਉਸ ਨਾਲੋਂ ਜ਼ਿਆਦਾ ਪੀੜ ਪਾ ਕੇ,ਇਕ ਦਰਦ ਮੇਰੇ ਅੰਗ-ਸੰਗ ਨੂੰ ਜਿਵੇਂ ਝੁਲਸਾਈ ਜਾ ਰਿਹਾ ਹੈ।

ਚੌਹਾਂ ਪਾਸੇ ਗਹਿਰਾ ਸੰਨਾਟਾ ਛਾਇਆ ਹੋਇਆ ਹੈ। ਹਵਾ ਵੀ ਜਿਵੇਂ ਮੁਰਦਾ ਹੋ ਗਈ ਹੈ। ਉਸ ਵਿੱਚ ਹੁਣ ਉਹ ਖੁਸ਼ਬੂ ਤਰਦੀ ਹੋਈ ਨਹੀਂ ਆਉਂਦੀ ਜੋ ਕਦੀ ਮੋਨਾ ਦੇ ਹੁੰਦਿਆਂ ਆਇਆਂ ਕਰਦੀ ਸੀ। ਹਾਂ, ਮੇਰੀ ਬੀਵੀ ਮੋਨਾ, ਜੇ ਪੂਰੇ ਅੱਠ ਸਾਲ ਤੱਕ ਸਾਥਣ ਸੀ ਮੇਰੀ। ਮੈਂ ਹੀ ਮੋਨਾ ਨਾਂ ਉਸ ਨੂੰ ਦਿੱਤਾ ਸੀ। ਉਂਜ ਤਾਂ ਪੇਕੇ ਤੋਂ ਉਹ ਆਪਣਾ ਨਾਂ ਮਾਲਤੀ ਲਿਆਈ ਸੀ, ਪਰ ਵਿਆਹ ਦੀ ਪਹਿਲੀ ਰਾਤ ਵਿੱਚ ਸੌਗਾਤ ਵਜੋਂ, ਮੈਂ ਇਹ ਮੋਨਾ ਨਾਂ ਦਿੱਤਾ ਸੀ ਅਤੇ ਉਸ ਨੇ ਇਹ ਸੌਗਾਤ ਮੋਤੀਆਂ ਵਾਂਗ ਮਾਲਤੀ ਨਾਂ ’ਤੇ ਸਜ਼ਾ ਲਈ ਸੀ।

ਅਚਾਨਕ ਹੋਟਲ ਦੇ ਨਾਲ ਵਾਲੇ ਕਮਰੇ ਵਿੱਚ ਕੋਈ ਵਾਇਲਨ ਵਜਾ ਉੱਠਦਾ ਹੈ। ਸੋਚਦਾ ਹਾਂ, ਇਹ ਕਮਰਾ ਤਾਂ ਸ਼ਾਮ ਨੂੰ ਖਾਲੀ ਸੀ, ਕੌਣ ਆ ਗਿਆ ਇਸ ਵਿੱਚ? ਤੇ ਹਾਂ, ਆਇਆ ਵੀ ਤਾਂ ਵਾਇਲਨ ਦੀਆਂ ਸੁਰ ਲਹਿਰੀਆਂ ’ਚ ਇਕ ਚੀਸ ਲੈ ਕੇ ਇਕ ਪਿਆਸ ਲੈ ਕੇ! ਕਿਸ ਨੇ ਇਹ ਸਾਜ਼ ਛੇੜਿਆ ਹੈ ਰਾਤ ਦੀ ਤਨਹਾਈ ਵਿੱਚ? ਜਾਪਦਾ, ਉਹ ਵੀ ਮੇਰੀ ਤਰ੍ਹਾਂ ਇਕੱਲਾ ਹੈ ਕਿਸੇ ਮ੍ਰਿਤਕ ਤ੍ਰਿਸ਼ਨਾ ਦੀ ਭਾਲ ਵਾਂਗ। ਖੈਰ ਹੋਵੇਗਾ ਕੋਈ।

ਵਾਇਲਨ ਦੇ ਸੁਰ,ਹੌਲੀ-ਹੌਲੀ ਵਾਦੀ ਦੀਆਂ ਡੂੰਘਾਈਆਂ ਵਿੱਚ ਗੁਆਚਦੇ ਜਾ ਰਹੇ ਹਨ।ਮੈਂ ਫਿਰ ਮੋਨਾ ਦੀ ਯਾਦ ਨਾਲ ਲਿਪਟ ਜਾਂਦਾ ਹਾਂ।ਮੈਨੂੰ ਯਾਦ ਹੈ,ਸਾਡੀ ਪਿਆਰ ਨਿਸ਼ਾਨੀ ਦੇ ਰੂਪ ਵਿੱਚ ਇਕ ਸਾਲ ਬਾਅਦ ਵਿਸ਼ੀ ਨੇ ਸਾਡੇ ਵਿਹੜੇ ਵਿੱਚ ਕਿਲਕਾਰੀਆਂ ਭਰੀਆਂ ਹਨ।ਹਾਂ,ਵਿਸ਼ੀ,ਮੇਰਾ ਲੜਕਾ।ਸਾਰਾ ਘਰ ਮਸਤੀ ਦੇ ਆਲਮ ਵਿੱਚ ਜਿਵੇਂ ਡੁੱਬ-ਡੁੱਬ ਜਾਂਦਾ ਹੋਵੇ। ਵਿਸ਼ੀ ਦਾ ਬਾਲ ਹਾਸਾ,ਮੋਨਾ ਦੀ ਮੁਸਕਰਾਹਟ ਤੇ ਮੇਰੇ ਕਹਿ ਕਹੇ,ਹਵਾ ਦੇ ਹੋਠਾਂ ਸੰਗ ਜੁੜ-ਜੁੜ ਜਾਂਦੇ।ਸ਼ਾਇਦ ਹੀ ਉਨ੍ਹਾਂ ਦਿਨਾਂ ਵਿੱਚ ਕੋਈ ਅਜਿਹਾ ਪਲ ਆਇਆ ਹੋਵੇ ਜਦੋਂ ਸਾਡੀ ਖੁਸ਼ੀ ਵਿੱਚ ਕੋਈ ਕੰਡਾ ਪੁੜਿਆ ਹੋਵੇ।ਫਿਰ ਪਤਾ ਹੀ ਨਾ ਚੱਲਿਆ ਕਿ ਕਦੋਂ ਵਿਸ਼ੀ ਚਾਰ ਵਰ੍ਹਿਆਂ ਦਾ ਹੋ ਗਿਆ।ਉਸ ਦੇ ਚੰਗੇਰੇ ਭਵਿੱਖ ਲਈ,ਮੈਂ ਮੋਨਾ ਨੂੰ ਕਿਹਾ ਕਿ ਵਿਸ਼ੀ ਨੂੰ ਮਸੂਰੀ ਕਿਸੇ ਕਾਨਵੈਂਟ ਸਕੂਲ ਵਿੱਚ ਭੇਜ ਦਿੱਤਾ ਜਾਵੇ।ਪਹਿਲਾਂ ਤਾਂ ਮੋਨਾ ਬਹੁਤ ਘਬਰਾਈ ਕਿ ਅਸੀਂ ਉਸ ਤੋਂ ਬਿਨਾ ਕਿਵੇਂ ਰਹਿ ਸਕਾਂਗੇ,ਪਰ ਫਿਰ ਦਿਲ ਪੱਕਾ ਕਰ ਕੇ ਉਸ ਨੇ ਹਾਂ ਕਹਿ ਦਿੱਤੀ।ਵਿਸ਼ੀ ਨੂੰ ਕਾਨਵੈਂਟ ਭੇਜ ਦਿੱਤਾ। ਕੁਝ ਦਿਨ ਅਸੀਂ ਦੋਹਾਂ ਨੇ ਬੜਾ ਹੀ ਇਕੱਲਾਪਣ ਮਹਿਸੂਸ ਕੀਤਾ,ਪਰ ਹੌਲੀ-ਹੌਲੀ ਸਭ ਠੀਕ ਹੋ ਗਿਆ।ਅਸੀਂ ਵਿਸ਼ੀ ਦੇ ਦੂਰ ਹੋਣ ’ਤੇ ਆਪਣੇ ਆਪ ਨੂੰ ਚਾਰ ਸਾਲ ਪਹਿਲਾਂ ਦੇ ਦਿਨਾਂ ਵਿੱਚ ਲੈ ਆਉਣਾ ਸੋਚਿਆ ਜਿਵੇਂ ਸਾਡੇ ਮੁੜ ਤੋਂ ਵਿਆਹ ਹੋ ਗਿਆ ਹੋਵੇ।.....

ਅਚਾਨਕ ਵਾਇਲਨ ਵੱਜਣੀ ਬੰਦ ਹੋ ਜਾਂਦੀ ਹੈ ਅਤੇ ਕੋਈ ਬਿਰਹਾ ਗੀਤ ਫਿਜ਼ਾ ਵਿੱਚ ਫੈਲ ਜਾਂਦਾ ਹੈ। ਸ਼ਾਇਦ ਉਹ ਹੀ ਜੋ ਵਾਇਲਨ ਵਜਾ ਰਿਹਾ ਸੀ। ਹੋ ਸਕਦਾ ਹੈ ਜਦੋਂ ਵਾਇਲਨ ਦੀਆਂ ਸੁਰਾਂ ਨਾਲ ਉਸ ਦੇ ਅੰਦਰ ਦਾ ਤੂਫਾਨ ਸ਼ਾਂਤ ਨਹੀਂ ਹੋਇਆ ਤਾਂ ਹੀ ਉਸ ਨੂੰ ਨਗਮੇ ਦਾ ਸਹਾਰਾ ਲੈਣਾ ਪਿਆ ਹੋਵੇਗਾ। ਸੱਚਮੁੱਚ ਸਾਜ਼ ਨਾਲ ਦੂਜਿਆਂ ਦਾ ਦਿਲ ਪਰਚਾਵਾ ਤਾਂ ਹੁੰਦਾ ਹੈ, ਪਰ ਕਿੰਨੀਆਂ ਕੰਡਿਆਲੀਆਂ ਰਾਹਵਾਂ ’ਤੇ ਵਾਦਕ ਆਪ ਚੱਲ ਚੁੱਕਿਆ ਹੁੰਦਾ ਹੈ, ਉਸ ਦਾ ਅੰਦਾਜ਼ਾ ਕਿਸੇ ਨਹੀਂ ਲਾਇਆ। ਸ਼ਾਇਦ ਕੌਣ ਜਾਣਦਾ ਹੈ, ਉਸ ਫਨਕਾਰ ਦੇ ਅੰਦਰ ਕਿਹੜੇ ਕਿਹੜੇ ਖੰਡਰ ਖਿਲਰੇ ਪਏ ਨੇ ਜਿਨ੍ਹਾਂ ਹੇਠ ਦਬ ਕੇ ਉਸ ਦੀ ਰੂਹ ਤੱਕ ਜ਼ਖਮੀ ਹੋਈ ਪਈ ਹੁੰਦੀ ਹੈ।

ਮੈਂ ਹੌਲੀ ਜਿਹੀ,ਕੋਲ ਪਈ ਆਰਾਮ ਕੁਰਸੀ ਉਤੇ ਜਾ ਬੈਠਦਾ ਹਾਂ।ਨਾਲ ਦੇ ਕਮਰੇ ਵਿੱਚ ਹੁਣ ਲੰਮੀ ਖਾਮੋਸ਼ੀ ਹੈ।ਸ਼ਾਇਦ ਉਹ ਵਾਇਲਨ-ਵਾਦਕ,ਥੱਕ-ਹਾਰ ਕੇ ਆਖਰ ਸੌਂ ਗਿਆ ਹੈ।.... ਆਹ,ਉਹ ਤਾਂ ਸੌਂ ਗਿਆ ਹੋਵੇਗਾ,ਪਰ ਮੇਰੀ ਨੀਂਦ ਮੈਥੋਂ ਕੋਹਾਂ ਦੂਰ ਹੈ।ਸੜਕ ਦਾ ਚੌਕੀਦਾਰ ਇਕ ਵਾਰ ਫਿਰ ਖਬਰਦਾਰ ਕਰ ਕੇ ਜਾ ਚੁੱਕਿਆ ਹੈ,ਪਰ ਮੈਂ ਜਾਗ ਰਿਹਾ ਹਾਂ।..... ਹਾਏ,ਇਹ ਭੈੜੀ ਯਾਦ ਹਮੇਸ਼ਾ ਲਈ ਚਲੀ ਕਿਉਂ ਨਹੀਂ ਜਾਂਦੀ।ਕਿਤਨਾ ਰੁਲਾਉਂਦੀ ਹੈ ਜਦੋਂ ਟੁਰ ਆਉਂਦੀ ਹੈ ਪੋਲੇ ਜਿਹੇ।.....

ਮੇਰੇ ਤੇ ਮੋਨਾ ਦੇ ਦਿਨ ਇੰਜ ਹੀ ਬਸੰਤੀ ਰੰਗ ਦੇ ਫੁੱਲਾਂ ਨਾਲ ਸ਼ਿੰਗਾਰੇ ਗੁਜ਼ਰਦੇ ਗਏ।ਮਹੀਨੇ ਦੋ ਮਹੀਨੇ ਬਾਅਦ ਜਦੋਂ ਮਨ ਜ਼ਿਆਦਾ ਹੀ ਉਦਾਸ ਹੋ ਜਾਂਦਾ ਤਾਂ ਅਸੀਂ ਦੋਵੇਂ ਵਿਸ਼ੀ ਨੂੰ ਮਿਲਣ ਮਸੂਰੀ ਚਲੇ ਜਾਂਦੇ ਹਾਂ।ਉਹ ਆਪਣੇ ਸਕੂਲ ਵਿੱਚ ਖੁਸ਼ ਸੀ।ਅਸੀਂ ਨਿਸਚਿੰਤ ਹੋ ਗਏ।

ਫਿਰ ਅਚਾਨਕ ਮੇਰੀ ਜ਼ਿੰਦਗੀ ਵਿੱਚ ਹਨੇਰਾ ਹੋ ਗਿਆ।ਮੋਨਾ ਨੂੰ ਹਾਰਟ ਅਟੈਕ ਨੇ ਮੈਥੋਂ ਹਮੇਸ਼ਾ ਲਈ ਖੋਹ ਲਿਆ।ਮੋਨਾ ਚਲੀ ਗਈ ਆਪਣੇ ਵਿਸ਼ੀ ਨੂੰ ਬੇ-ਮਾਂ ਦਾ ਕਰ ਕੇ,ਸੋਚਾਂ ਦੇ ਗਲ ਲਾ ਕੇ।ਉਹ ਚਲੀ ਗਈ ਅਤੇ ਬਸੰਤੀ ਫੁੱਲ ਕਾਲੇ ਪੈ ਗਏ।ਜਿਸ ਘਰ ਦਾ ਇਕ-ਇਕ ਪਲ ਸ਼ਹਿਦੀ ਸੀ,ਉਹੀ ਘਰ ਹੁਣ ਨਾਗ ਦੇ ਡੰਗ ਵਾਂਗ ਡੱਸਣ ਲੱਗਾ।ਘਰ,ਘਰ ਨਾ ਰਿਹਾ,ਮੈਂ-ਮੈਂ ਨਾ ਰਿਹਾ-ਸਭ ਕੁਝ ਹੀ ਤਾਂ ਬਿਖਰ ਗਿਆ।

ਜਦੋਂ ਕੁਝ ਦਿਨਾਂ ਬਾਅਦ,ਵਿਸ਼ੀ ਦੇ ਸਕੂਲ ਮੈਂ ਇਕੱਲਾ ਗਿਆ ਤਾਂ ਆਪਣੀ ਮੰਮੀ ਨੂੰ ਨਾਲ ਨਾ ਆਇਆ ਵੇਖ ਕੇ ਉਹ ਇਕ ਪਲ ਤਾਂ ਹੈਰਾਨ ਹੋਇਆ, ਫਿਰ ਮੇਰੇ ਨਾਲ ਲਿਪਟਦੇ ਹੋਏ ਬੋਲਿਆ,ਪਾਪਾ! ਮੰਮੀ ਕਿੱਥੇ ਹੈ?” ਤੇ ਮੈਂ ਜਿਵੇਂ ਟੁੱਟ ਜਿਹਾ ਗਿਆ।ਕੀ ਜਵਾਬ ਦਿੰਦਾ ਉਸ ਨੂੰ? ਬਸ,ਉਸ ਨੂੰ ਸੀਨੇ ਨਾਲ ਲੈ ਕੇ ਰੋ ਹੀ ਤਾਂ ਪਿਆ ਸਾਂ ਮੈਂ।ਤੇ ਵਿਸ਼ੀ ਅਵਿਸ਼ਵਾਸ ਦੀ ਡੋਰ ਨਾਲ ਬੱਧਾ ਮੇਰੇ ਵਲ ਬਿਟਰ-ਬਿਟਰ ਤੱਕਦਾ ਰਿਹਾ।

ਉਸ ਦਿਨ ਤੋਂ ਬਾਅਦ ਇਕ ਭਟਕਾਓ ਜਿਹਾ ਲੱਗ ਗਿਆ ਹੈ।ਹੁਣ ਸ਼ਿਮਲਾ ਆਇਆ ਹਾਂ,ਤਾਂ ਲੱਗਦਾ ਹੈ,ਇਥੇ ਪਹਾੜਾਂ ’ਤੇ ਡਿੱਗੀ ਹਜ਼ਾਰਾਂ ਮਣ ਸਫੈਦ ਬਰਫ,ਮੇਰੇ ਸੀਨੇ ’ਤੇ ਜੰਮ ਗਈ ਹੋਵੇ।ਸੋਚਦਾ ਹਾਂ,ਇਨ੍ਹਾਂ ਪਹਾੜੀ ਥਾਵਾਂ ’ਤੇ ਕਿਹੋ ਜਿਹੇ ਟੂਰਿਸਟ ਆਉਂਦੇ ਹਨ।ਸਾਰੇ ਹੀ ਸ਼ਾਇਦ ਬਰਫ ਨਾਲ ਆਪਣੇ ਕੱਪੜਿਆਂ ਨੂੰ ਧੋਣਾ ਚਾਹੁੰਦੇ ਹਨ,ਪਰ ਇਹ ਸਭ ਹੋ ਨਹੀਂ ਸਕਦਾ।ਬਰਫ ਦੇ ਟੁਕੜੇ ਨੂੰ ਤੋੜ ਕੇ ਗਲੇ ਦੀ ਪਿਆਸ ਤਾਂ ਮਿਟ ਜਾਂਦੀ ਹੈ,ਪਰ ਖੁਸ਼ਕੀ ਉਤਨੀ ਹੀ ਵਧ ਜਾਂਦੀ ਹੈ।ਆਤਮਾ-ਪਹਿਲਾਂ ਨਾਲੋਂ ਵੀ ਵੱਧ ਜ਼ਖਮੀ ਹੋ ਜਾਂਦੀ ਹੈ।

ਮੈਂ ਖਿੜਕੀ ਖੋਲ੍ਹ ਦਿੰਦਾ ਹਾਂ।ਚਾਨਣੀ ਉਸੇ ਤਰ੍ਹਾਂ ਵਾਦੀ ਨੂੰ ਆਪਣੀਆਂ ਬਾਹਵਾਂ ਵਿੱਚ ਭਰੇ ਅਲਸਾਈ ਜਿਹੀ ਲੇਟੀ ਹੈ।ਮੈਂ ਇਕ ਸਰਦ ਆਹ ਭਰ ਕੇ ਕੁਰਸੀ ’ਤੇ ਜਾ ਬੈਠਦਾ ਹਾਂ।ਮੇਰੇ ਸਾਹਮਣੇ ਉਹ ਹੀ ਸ਼ੀਸ਼ਾ ਹੈ,ਉਸ ਵਿੱਚ ਉਹੀ ਚਿਕਨਾਪਣ ਹੈ ਅਤੇ ਉਹੀ ਕਠੋਰਤਾ।